ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 5 ਨਵੰਬਰ
ਕਿਸਾਨਾਂ ਵੱਲੋਂ ਸਾਬਕਾ ਮਾਲ ਮੰਤਰੀ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਅੱਜ ਪਿੰਡ ਗੁਰੂਸਰ ਵਿੱਚ ਵਿਰੋਧ ਕੀਤਾ ਗਿਆ। ਇਹ ਵਿਰੋਧ ਗੁਲਾਬੀ ਸੁੰਡੀ ਅਤੇ ਮੀਂਹ ਕਾਰਨ ਖਰਾਬ ਫ਼ਸਲਾਂ ਦੇ ਮੁਆਵਜ਼ੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਦੇ ਵਿਰੋਧ ਦੇ ਸੱਦੇ ਤਹਿਤ ਕੀਤਾ ਗਿਆ। ਇਸ ਦੌਰਾਨ ਇਕੱਤਰ ਕਿਸਾਨਾਂ ਨੇ ਸਾਬਕਾ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਬਕਾਇਆਂ ਦੀ ਮੁਆਫ਼ੀ ਸਬੰਧੀ ਵਿਧਾਇਕ ਕਾਂਗੜ ਦਾ ਬਲਾਕ ਭਗਤਾ ਭਾਈ ਦੇ ਅੱਧੀ ਪਿੰਡਾਂ ’ਚ ਕੈਂਪ ਲਗਾਉਣ ਦਾ ਪ੍ਰੋਗਰਾਮ ਸੀ। ਸ੍ਰੀ ਕਾਂਗੜ ਦੇ ਦੌਰੇ ਦੀ ਭਿਣਕ ਪੈਂਦਿਆਂ ਹੀ ਬੀਕੇਯੂ (ਉਗਰਾਹਾਂ) ਇਕਾਈ ਗੁਰੂਸਰ ਦੇ ਪ੍ਰਧਾਨ ਤੇਜ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਇਕੱਤਰ ਹੋ ਗਏ। ਜਿਵੇਂ ਹੀ ਉਹ (ਗੁਰਪ੍ਰੀਤ ਕਾਂਗੜ) ਪਿੰਡ ਦਿਆਲਪੁਰਾ ਭਾਈਕਾ ਤੇ ਹਮੀਰਗੜ੍ਹ ਵਿੱਚ ਕੈਂਪ ਲਗਾਉਣ ਮਗਰੋਂ ਗੁਰੂਸਰ ਦੇ ਬੱਸ ਅੱਡੇ ਪਹੁੰਚੇ ਤਾਂ ਇਕੱਤਰ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਵਿਧਾਇਕ ਕਾਂਗੜ ਪਿੰਡ ਗੁਰੂਸਰ ਦਾ ਪ੍ਰੋਗਰਾਮ ਛੱਡ ਕੇ ਅਗਲੇ ਪਿੰਡਾਂ ਦੇ ਦੌਰੇ ’ਤੇ ਚਲੇ ਗਏ। ਕਿਸਾਨ ਆਗੂਆਂ ਨੇ ਘਿਰਾਓ ਵੇਲੇ ਕੀਤੇ ਸਵਾਲਾਂ ਜਵਾਬਾਂ ਦੌਰਾਨ ਸ੍ਰੀ ਕਾਂਗੜ ’ਤੇ ਕਥਿਤ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਹਨ ਪਰ ਦੂਸਰੇ ਪਾਸੇ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਜਸਪਾਲ ਪਾਲਾ, ਬਿੱਕਰਜੀਤ ਪੂਹਲਾ, ਗੁਰਤੇਜ ਸਿੰਘ ਗੁਰੂਸਰ ਤੇ ਗੁਰਦੀਪ ਕੌਰ ਨੇ ਕਿਹਾ ਕਿ ਫ਼ਸਲਾਂ ਦਾ ਯੋਗ ਮੁਆਵਜ਼ਾ ਨਾ ਮਿਲਣ ਤੱਕ ਉਹ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੂੰ ਪਿੰਡਾਂ ’ਚ ਦਾਖਲ ਨਹੀਂ ਹੋਣ ਦੇਣਗੇ।