ਪੱਤਰ ਪ੍ਰੇਰਕ
ਬਠਿੰਡਾ, 19 ਜਨਵਰੀ
ਹਲਕਾ ਭੁੱਚੋ ਅਧੀਨ ਪੈਂਦੇ ਪਿੰਡ ਮਹਿਮਾ ਸਰਜਾ ਵਿੱਚ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਇਸ ਮੌਕੇ ਕਾਂਗਰਸੀ ਵਰਕਰਾਂ ਅਤੇ ਕਿਸਾਨ ਜਥੇਬੰਦੀ ਦੇ ਸਮਰਥਕਾਂ ਵਿਚਾਲੇ ਝੜਪ ਹੋਣ ਦੀ ਵੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਅੱਜ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਹਲਕੇ ਦੇ ਪਿੰਡ ਮਹਿਮਾ ਸਰਜਾ ਵਿੱਚ ਇੱਕ ਸਮਰਥਕ ਦੇ ਘਰ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ। ਵਿਧਾਇਕ ਕੋਟਭਾਈ ਦੀ ਫੇਰੀ ਸਬੰਧੀ ਜਦੋਂ ਬੀਕੇਯੂ ਏਕਤਾ (ਉਗਰਾਹਾਂ) ਦੇ ਵਰਕਰਾਂ ਨੂੰ ਭਿਣਕ ਪਈ ਤਾਂ ਪਿੰਡ ਦੀ ਫਿਰਨੀ ’ਤੇ ਇਕੱਠੇ ਹੋ ਕੇ ਭੋਲਾ ਰਾਮ, ਜਨਕ ਸਿੰਘ ਬਰਾੜ ਅਤੇ ਮਲਕੀਤ ਸਿੰਘ ਸਮੇਤ ਅੱਧੀ ਦਰਜਨ ਸਾਥੀਆਂ ਕਿ ਨਾਕਾਬੰਦੀ ਕਰ ਲਈ। ਇਸ ਮੌਕੇ ਕਿਸਾਨਾਂ ਨੇ ਜਦੋਂ ਵਿਧਾਇਕ ਤੋਂ ਹਲਕੇ ਅੰਦਰ ਕਿਸਾਨਾਂ ਨੂੰ ਨੁਕਸਾਨੀ ਨਰਮੇ ਦੀ ਫ਼ਸਲ ਸਬੰਧੀ ਮੁਆਵਜ਼ਾ ਰਾਸ਼ੀ ਨਾ ਮਿਲਣ, ਚੰਨੀ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਸਮੇਤ ਪਿੰਡ ਦੇ ਜਲ ਘਰ ਦੀ ਸਮੱਸਿਆ ਸਮੇਤ ਕਈ ਹੋਰ ਸਵਾਲ ਪੁੱਛੇ ਤਾਂ ਕਾਂਗਰਸੀ ਵਰਕਰ ਖ਼ਫ਼ਾ ਹੋ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਕਿਸਾਨ ਆਗੂ ਦੀ ਝੜਪ ਵੀ ਹੋਈ, ਜਿਸ ਮਗਰੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਜਨਕ ਸਿੰਘ ਬਰਾੜ ਨੇ ਕਿਹਾ ਇਸ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਕੀਤੀ ਗਈ ਹੈ। ਹਲਕਾ ਦੇ ਵਿਧਾਇਕ ਪ੍ਰੀਤਮ ਸਿੰਘ ਭਾਈ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਸਿਰਫ਼ ਸੁਆਲ ਕੀਤੇ ਸਨ, ਜਿਨ੍ਹਾਂ ਨੂੰ ਤਸੱਲੀਬਖ਼ਸ਼ ਜੁਆਬ ਦੇ ਕੇ ਸੰਤੁਸ਼ਟ ਕਰ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਤੋਂ ਝੜਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ।