ਟ੍ਰਿਬਿਊਨ ਨਿਊਜ ਸਰਵਿਸ
ਚੰਡੀਗੜ੍ਹ, 26 ਦਸੰਬਰ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 28 ਦਸੰਬਰ ਨੂੰ ਦਰਿਆਈ ਪਾਣੀਆਂ ਦੇ ਵਿਵਾਦ ਬਾਰੇ ਮੀਟਿੰਗ ਕਰਨ ਚੰਡੀਗੜ੍ਹ ਆ ਰਹੀ ਕੇਂਦਰੀ ਟੀਮ ਦਾ ਵਿਰੋਧ ਕਰਨਗੀਆਂ। ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਤੇ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਪੰਜਾਬ ਤੋਂ ਆਉਣ ਵਾਲੇ ਕਿਸਾਨ ਮੁਹਾਲੀ ਵਿੱਚ ਦਾਰਾ ਸਟੂਡੀਓ ਨੇੜੇ ਇਕੱਠੇ ਹੋਣਗੇ ਅਤੇ ਜਲ ਸਰੋਤ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਣ ਲਈ ਚੰਡੀਗੜ੍ਹ ਵੱਲ ਮਾਰਚ ਕਰਨਗੇ। ਜ਼ਿਕਰਯੋਗ ਹੈ ਕਿ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਐੱਸਵਾਈਐੱਲ ਨਹਿਰ ਦੇ ਮਾਮਲੇ ਸਬੰਧੀ 28 ਦਸੰਬਰ ਨੂੰ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਨੀ ਹੈ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 28 ਦਸੰਬਰ ਨੂੰ ਧਰਨੇ ਵਿੱਚ ਸ਼ਾਮਲ ਹੋਣ। ਉਨ੍ਹਾਂ 18 ਜਨਵਰੀ ਦੇ ਧਰਨੇ ਲਈ ਚੰਡੀਗੜ੍ਹ ਵਿੱਚ ਥਾਂ ਅਲਾਟ ਨਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਨਿਖੇਧੀ ਕੀਤੀ।