* ਟਕਰਾਅ ਦੌਰਾਨ ਮੂਕ ਦਰਸ਼ਕ ਬਣੀ ਰਹੀ ਪੁਲੀਸ * ਐੱਸਐੱਚਓ ਸਮੇਤ ਕੁਝ ਹੋਰ ਵਿਅਕਤੀ ਜ਼ਖ਼ਮੀ ਵਾਲੰਟੀਅਰਾਂ ਨੇ ਵਿੱਚ ਪੈ ਕੇ ਤਲਖੀ ਘਟਾਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜਨਵਰੀ
ਸਿੰਘੂ ਬਾਰਡਰ ਉੱਤੇ ਅੱਜ ਕਿਸਾਨ ਵਿਰੋਧੀ ਤੇ ਪੁਲੀਸ ਪੱਖੀ ਨਾਅਰੇ ਲਾਉਂਦੇ ਲੋਕਾਂ ਦੇ ਇਕ ਸਮੂਹ ਅਤੇ ਧਰਨਾਕਾਰੀ ਕਿਸਾਨਾਂ ਦਰਮਿਆਨ ਹੋਈ ਝੜਪ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਕਿਸਾਨਾਂ ਨੇ ਦਾਅਵਾ ਕੀਤਾ ਕਿ ਦਿੱਲੀ ਵੱਲੋਂ ਕੁਝ ਲੋਕ, ਪੁਲੀਸ ਤੇ ਰੈਪਿਡ ਐਕਸ਼ਨ ਫੋਰਸ ਦੀ ਹਾਜ਼ਰੀ ਵਿੱਚ ਸਿੰਘੂ ਬਾਰਡਰ ਪਹੁੰਚੇ ਤੇ ਕਿਸਾਨਾਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਵੱਲ ਪੱਥਰ ਸੁੱਟਣ ਲੱਗੇ।
ਕਿਸਾਨਾਂ ਨੇ ਦੋਸ਼ ਲਾਇਆ ਕਿ ਉਹ ਭੱਦੀ ਭਾਸ਼ਾ ਬੋਲਦੇ ਹੋਏ ਰੋਕਾਂ ਟੱਪ ਕੇ ਧਰਨੇ ਵੱਲ ਪਹੁੰਚੇ ਤੇ ਪੁਲੀਸ ਦਾ ਟੈਂਟ ਪਾੜ ਦਿੱਤਾ। ਮਗਰੋਂ ਉਨ੍ਹਾਂ ਬੀਬੀਆਂ ਦਾ ਟੈਂਟ ਪਾੜ ਦਿੱਤਾ ਤੇ ਕਰੀਬ 20 ਮਿੰਟ ਪੱਥਰਬਾਜ਼ੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਪੁਲੀਸ ਤੇ ਰੈਪਿਡ ਐਕਸ਼ਨ ਫੋਰਸ ਦੇ ਸਾਹਮਣੇ ਉਹ ਪੱਥਰਬਾਜ਼ੀ ਕਰਦੇ ਰਹੇ, ਪਰ ਪੁਲੀਸ ਮੂਕ ਦਰਸ਼ਕ ਬਣੀ ਰਹੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਕਿ ਨੀਮ ਸੁਰੱਖਿਆ ਬਲਾਂ ਵੱਲੋਂ ਜ਼ਿਆਦਾਤਰ ਗੋਲੇ ਧਰਨੇ ਵਾਲੇ ਪਾਸੇ ਸੁੱਟੇ ਗਏ। ਪੁਲੀਸ ਨੇ ਇਕ ਨੌਜਵਾਨ ਕਿਸਾਨ ਨੂੰ ਧੂਹ ਕੇ ਕਥਿਤ ਬੁਰੀ ਤਰ੍ਹਾਂ ਕੁੱਟਿਆ। ਅੰਦੋਲਨਕਾਰੀ ਕਿਸਾਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਪਤਾ ਕੀਤਾ ਹੈ ਕਿ ਧਰਨੇ ਉਪਰ ਪੱੱਥਰ ਮਾਰਨ ਵਾਲੇ ਸਥਾਨਕ ਲੋਕ ਨਹੀਂ ਸਨ ਤੇ ਉਹ ਕਿਰਾਏ ’ਤੇ ਲਿਆਂਦੇ ਗੁੰਡੇ ਸਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਇਹ ਲੋਕ ਭਾਜਪਾ ਤੇ ਆਰਐੱਸਐੱਸ ਵੱਲੋਂ ਭੇਜੇ ਗਏ ਸਨ। ਕਮੇਟੀ ਨੇ ਇਹ ਦੋਸ਼ ਵੀ ਲਾਇਆ ਕਿ ਅਸਮਾਨ ਤੋਂ ਹੈਲੀਕਾਪਟਰ ਰਾਹੀਂ ਵੀ ਅੱਥਰੂ ਗੈਸ ਦਾ ਗੋਲਾ ਦਾਗ਼ਿਆ ਗਿਆ। ਇਸ ਟਕਰਾਅ ਮਗਰੋਂ ਉੱਥੇ ਖੁੱਲ੍ਹੀਆਂ ਅੱਧ-ਪਚੱੱਧੀਆਂ ਦੁਕਾਨਾਂ ਵੀ ਬੰਦ ਹੋ ਗਈਆਂ। ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਏ ਹਰਕੀਰਤ ਮਾਨ ਬੇਨੀਵਾਲ ਨੇ ਕਿਹਾ, ‘ਉਹ ਸਥਾਨਕ ਲੋਕ ਨਹੀਂ, ਬਲਕਿ ਕਿਰਾਏ ’ਤੇ ਲਿਆਂਦੇ ਗੁੰਡੇ ਸਨ। ਉਨ੍ਹਾਂ ਸਾਡੇ ’ਤੇ ਪੱਥਰ ਤੇ ਪੈਟਰੋਲ ਬੰਬ ਸੁੱਟੇ। ਉਨ੍ਹਾਂ ਸਾਡੀਆਂ ਟਰਾਲੀਆਂ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਅਸੀਂ ਇਥੇ ਉਨ੍ਹਾਂ ਦਾ ਟਾਕਰਾ ਕਰਨ ਲਈ ਹੀ ਹਾਂ। ਅਸੀਂ ਇਹ ਥਾਂ ਨਹੀਂ ਛੱਡਾਂਗੇ।’
ਇਸ ਦੌਰਾਨ ਦਿੱਲੀ ਪੁਲੀਸ ਨੇ ਦਾਅਵਾ ਕੀਤਾ ਕਿ ਕਿਸਾਨਾਂ ਤੇ ਸਥਾਨਕ ਲੋਕਾਂ ਦਰਮਿਆਨ ਹੋਈ ਝੜਪ ਮੌਕੇ ਦੋਵਾਂ ਨੇ ਇਕ ਦੂਜੇ ’ਤੇ ਪਥਰਾਅ ਵੀ ਕੀਤਾ। ਪੁਲੀਸ ਨੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਹਲਕਾ ਲਾਠੀਚਾਰਜ ਕੀਤਾ। ਇਸ ਦੌਰਾਨ ਦਿੱਲੀ ਪੁਲੀਸ ਦੇ ਐੱਸਐੱਚਓ(ਅਲੀਪੁਰ) ਪ੍ਰਦੀਪ ਪਾਲੀਵਾਲ ਸਮੇਤ ਕੁਝ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਐੱਸਐੱਚਓ ’ਤੇ ਤਲਵਾਰ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਲਾਤ ਕੰਟਰੋਲ ਵਿੱਚ ਹਨ ਤੇ ਕਾਨੂੰਨੀ ਕਾਰਵਾਈ ਵਿੱਢ ਦਿੱਤੀ ਗਈ ਹੈ। ਇਸ ਦੌਰਾਨ ਸਿੰਘੂ ਬਾਰਡਰ ਉਪਰ ਪੁਲੀਸ ਦੀ ਵਧੀਕੀ ਦੇ ਬਾਵਜੂਦ ਹਰਿਆਣਾ ਤੋਂ ਕਿਸਾਨਾਂ ਦੀਆਂ ਟਰਾਲੀਆਂ ਦੀ ਆਮਦ ਜਾਰੀ ਹੈ। ਹਰਿਆਣਾ ਦੇ ਸੋਨੀਪਤ, ਝੱਜਰ, ਰੋਹਤਕ, ਪਾਣੀਪਤ, ਹਿਸਾਰ ਤੇ ਯਮੁਨਾਨਗਰ ਸਮੇਤ ਹੋਰ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਆ ਕੇ ਸਿੰਘੂ ਡੇਰੇ ਲਾ ਲਏ ਹਨ। ਸਿੰਘੂ ਵਿਖੇ ਕਈ ਕਿਸਾਨਾਂ ਨੇ ਕਿਹਾ ਕਿ ਹੁਣ ਹਰਿਆਣਾ ਵਿੱਚ ਵੀ ਫੌਗਾਟ ਖਾਪ, ਨਰਵਾਲ ਗੋਤਰ ਵਾਲਿਆਂ ਤੇ ਦਹੀਆ ਖਾਪਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਨਿਤਰਨ ਨਾਲ ਕਿਸਾਨ ਅੰਦੋਲਨ ਦੇ ਹੁਣ ਥਿੜਕਨ ਦੀ ਭੋਰਾ ਵੀ ਗੁੰਜਾਇਸ਼ ਨਹੀਂ ਰਹੀ। ਦਰਜਨ ਤੋਂ ਵੱਧ ਖਾਪਾਂ ਨੇ ਰਾਤ ਸਮੇਂ ਹੀ ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਕਰ ਲਏ ਸਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੋਈ ਦਮਨ ਕੀਤਾ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਹਰਿਆਣਾ ਵਿੱਚ ਕਈ ਸੜਕਾਂ ਸਥਾਨਕ ਨਿਵਾਸੀਆਂ ਵੱਲੋਂ ਜਾਮ ਕਰਨ ਦੀਆਂ ਖ਼ਬਰਾਂ ਤੜਕੇ ਹੀ ਆਉਣ ਲੱਗੀਆਂ ਸਨ। ਉਧਰ ਹਰਿਆਣਵੀ ਕਿਸਾਨਾਂ ਨੇ ਟਿਕਰੀ ਵਿਖੇ ਵੀ ਪਹਿਲਾਂ ਨਾਲੋਂ ਆਪਣੀ ਹਾਜ਼ਰੀ ਵਧਾ ਲਈ ਹੈ। ਸਿੰਘੂ ਬਾਰਡਰ ਤੋਂ ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਦਾ ਦਿਲੋਂ ਧੰਨਵਾਦ ਕੀਤਾ ਕਿ ਕੇਂਦਰ ਸਰਕਾਰ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ।
ਕਿਸਾਨਾਂ ਖ਼ਿਲਾਫ਼ ਮੁਹਿੰਮ ਸੁਰੱਖਿਆ ਸੈਨਾਵਾਂ ਦਾ ਮਨੋਬਲ ਤੋੜੇਗੀ: ਅਮਰਿੰਦਰ
ਚੰਡੀਗੜ੍ਹ (ਚਰਨਜੀਤ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲਾਲ ਕਿਲੇ ਉਤੇ ਹੋਈ ਹਿੰਸਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਵਿੱਢੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬੀਆਂ ਦੀ 20 ਫ਼ੀਸਦੀ ਸ਼ਮੂਲੀਅਤ ਵਾਲੀਆਂ ਸੁਰੱਖਿਆ ਸੈਨਾਵਾਂ ਦਾ ਮਨੋਬਲ ਟੁੱਟ ਜਾਵੇਗਾ। ਉਨ੍ਹਾਂ ਕਿਸਾਨਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਤੁਰੰਤ ਖ਼ਤਮ ਕਰਨ ਲਈ ਆਖਿਆ ਹੈ। ਉਨ੍ਹਾਂ ਚੌਕਸ ਕਰਦਿਆਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਨਾਲ ਵੰਡੀਆਂ ਪੈ ਸਕਦੀਆਂ ਹਨ ਜਿਸ ਨਾਲ ਪੰਜਾਬ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਮੀਡੀਆ ਨੂੰ ਵੀ ਸਥਿਤੀ ਨਾਲ ਸੰਜੀਦਗੀ ਅਤੇ ਸਹੀ ਢੰਗ ਨਾਲ ਨਜਿੱਠਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਜੋ ਕੁਝ ਅੱਜ ਸਿੰਘੂ ਬਾਰਡਰ ’ਤੇ ਹੋਇਆ ਹੈ, ਅਜਿਹਾ ਸਭ ਕੁਝ ਪਾਕਿਸਤਾਨ ਵੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਬੇਚੈਨੀ ਪੈਦਾ ਕਰਨ ਲਈ ਇਸ ਮੌਕੇ ਨੂੰ ਵਰਤਣ ਦੀ ਕੋਸ਼ਿਸ਼ ਕਰੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਹੋ ਨੁਕਤਾ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੂੰ ਕਿਸਾਨ ਅੰਦੋਲਨ ਦੌਰਾਨ ਹੋਈ ਤਾਜ਼ਾ ਗੜਬੜੀ ਅਤੇ ਹਿੰਸਾ ਵਿੱਚ ਪਾਕਿਸਤਾਨ ਦੀ ਸੰਭਾਵੀ ਭੂਮਿਕਾ ਦੀ ਜਾਂਚ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਸਮੱਸਿਆ ਦੇ ਹੱਲ ਲਈ ਗੱਲਬਾਤ ਦਾ ਰਾਹ ਜਾਰੀ ਰੱਖੇ। ਉਨ੍ਹਾਂ ਇਹ ਵੀ ਕਿਹਾ,‘‘ਮੈਂ ਹੁਣ ਤੱਕ ਇਸ ਮਸਲੇ ਨੂੰ ਸੁਲਝਾ ਦਿੰਦਾ।’’ ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਨੂੰ ਦੋਸਤ ਵਜੋਂ ਗੱਲ ਕਰਨੀ ਚਾਹੀਦੀ ਹੈ, ਨਾ ਕਿ ਦੁਸ਼ਮਣ ਵਜੋਂ। ਉਨ੍ਹਾਂ ਕਿਸਾਨਾਂ ਨੂੰ ਗਲਤ ਨਾਮ ਨਾਲ ਪੇਸ਼ ਕਰਨ ਵਾਲਿਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਹਨ ਪਰ ਤੁਸੀਂ ਕਿਸਾਨਾਂ ਨੂੰ ਖੱਬੇ ਪੱਖੀ, ਮਾਓਵਾਦੀ, ਨਕਸਲੀ ਅਤੇ ਖਾਲਿਸਤਾਨੀ ਦੇ ਨਾਵਾਂ ਨਾਲ ਨਹੀਂ ਜੋੜ ਸਕਦੇ ਹੋ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਮਾਨਸਿਕਤਾ ਨੂੰ ਨਹੀਂ ਸਮਝ ਰਹੀ। ਭਾਵੇਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਦੀ ਅਗਵਾਈ ਕੀਤੀ ਪਰ ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ। ਮੁੱਖ ਮੰਤਰੀ ਨੇ ਸਿੰਘੂ ਬਾਰਡਰ ਉਤੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਅੱਜ ਕੀਤੀ ਗਈ ਹਿੰਸਾ ਦੀ ਸਖ਼ਤ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਅਖੌਤੀ ਸਥਾਨਕ ਵਾਸੀਆਂ ਦੀ ਸ਼ਨਾਖਤ ਕਰਨ ਅਤੇ ਵਿਸਥਾਰਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਗੱਲ ਦੀ ਤਹਿ ਤੱਕ ਜਾਂਚ ਕਰਨ ਲਈ ਆਖਿਆ ਕਿ ਇਹ ਹੁੱਲੜਬਾਜ਼ ਕੌਣ ਸਨ ਅਤੇ ਕਿੱਥੋਂ ਆਏ ਸਨ। ਉਨ੍ਹਾਂ ਕਿਹਾ ਕਿ ਉਹ ਇਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਸਥਾਨਕ ਲੋਕ ਕਿਸਾਨਾਂ ਨਾਲ ਅਜਿਹਾ ਵਰਤਾਓ ਕਰ ਸਕਦੇ ਹਨ।
ਹਰਿਆਣਾ ਦੇ 15 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਬੰਦ
ਪੰਚਕੂਲਾ (ਪੀ.ਪੀ. ਵਰਮਾ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸੂਬੇ ਦੇ 15 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ 30 ਜਨਵਰੀ ਸ਼ਾਮ 5 ਵਜੇ ਤੱਕ ਬੰਦ ਕਰ ਦਿੱਤੀ ਹੈ। ਹਰਿਆਣਾ ਸਰਕਾਰ ਨੇ ਇਹ ਫ਼ੈਸਲਾ ਕੋਈ ਵੀ ਅਫਵਾਹ ਫੈਲਣ ਤੋਂ ਰੋਕਣ ਲਈ ਲਿਆ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਨੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਰਿਵਾੜੀ ਤੇ ਸਿਰਸਾ ਜ਼ਿਲ੍ਹਿਆਂ ’ਚ ਵੁਆਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾ, ਐੱਸਐੱਮਐੱਸ ਸੇਵਾ (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਤੇ ਸਾਰੀਆਂ ਡੌਂਗਲ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੋਨੀਪਤ, ਪਲਵਲ ਅਤੇ ਝੱਜਰ ਜ਼ਿਲ੍ਹਿਆਂ ’ਚ ਇੰਟਰਨੈਟ ਸੇਵਾ ਬੰਦ ਰੱਖਣ ਦੀ ਮਿਆਦ 24 ਘੰਟਿਆਂ ਵਧਾ ਕੇ 30 ਜਨਵਰੀ ਸ਼ਾਮ 5 ਵਜੇ ਤੱਕ ਕਰ ਦਿੱਤੀ ਗਈ ਹੈ।
ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ
ਨਵੀਂ ਦਿੱਲੀ: ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਭਲਕੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ‘ਸਦਭਾਵਨਾ ਦਿਹਾੜੇ’ ਵਜੋਂ ਮਨਾਉਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਭਲਕੇ ਇਕ ਦਿਨ ਲਈ ਭੁੱਖ ਹੜਤਾਲ ਵੀ ਰੱਖਣਗੇ। ਇਥੇ ਸਿੰਘੂ ਬਾਰਡਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭੁੱਖ ਹੜਤਾਲ ਸਵੇਰੇ 9 ਵਜੇ ਤੋਂ 5 ਵਜੇ ਤੱਕ ਰੱਖੀ ਜਾਵੇਗੀ ਤੇ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਸੱਤਾਧਾਰੀ ਭਾਜਪਾ ਨੂੰ ਭੰਡਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ‘ਸ਼ਾਂਤਮਈ’ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਤੋਂ ਤਿਰੰਗੇ ਦੇ ਸਤਿਕਾਰ ਬਾਰੇ ਕਿਸੇ ਸਬਕ ਦੀ ਲੋੜ ਨਹੀ ਹੈ, ਕਿਉਂਕਿ ਵੱਡੀ ਗਿਣਤੀ ਕਿਸਾਨਾਂ ਦੇ ਬੱਚੇ ਸਰਹੱਦਾਂ ’ਤੇ ਦੁਸ਼ਮਣ ਖ਼ਿਲਾਫ਼ ਡਟੇ ਹੋਏ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ.ਦਰਸ਼ਨ ਪਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਧਰਨੇ ਵਾਲੀਆਂ ਸਾਰੀਆਂ ਥਾਵਾਂ ’ਤੇ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ ਅਜਿਹਾ ਨਾ ਕੀਤਾ ਤਾਂ ਉਸ ਖ਼ਿਲਾਫ਼ ਵੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਤੋਂ ਵੱਡੀ ਗਿਣਤੀ ਕਿਸਾਨ ਧਰਨਿਆਂ ’ਚ ਸ਼ਮੂਲੀਅਤ ਕਰਨਗੇ। 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਗਾਜ਼ੀਪੁਰ ਧਰਨੇ ਦੌਰਾਨ ਉੱਥੇ ਬੈਠੇ ਕਿਸਾਨਾਂ ਵੱਲੋਂ ਦਿੱਲੀ ਪੁਲੀਸ ਤੇ ਨੀਮ ਫੌਜੀ ਬਲਾਂ ਅੱਗੇ ਦ੍ਰਿੜਤਾ ਨਾਲ ਡਟੇ ਰਹਿਣ ਨੂੰ ਇਸ ਜਨ ਅੰਦੋਲਨ ਦਾ ਫੈਸਲਾਕੁਨ ਮੋੜ ਕਰਾਰ ਦਿੱਤਾ ਹੈ। ਉਨ੍ਹਾਂ ਕਿਸਾਨੀ ਅੰਦੋਲਨ ਨੂੰ ਫਿਰਕੂ ਲੀਹਾਂ ਉਪਰ ਵੰਡਣ ਦੀਆਂ ਭਾਜਪਾ/ਆਰਐੱਸਐੱਸ ਦੀਆਂ ਨਾਪਾਕ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਕਿਸਾਨ ਆਗੂ ਅਮਰਜੀਤ ਸਿੰਘ ਰਾੜਾ ਨੇ ਕਿਹਾ ਕਿ ਇਹ ਜਨ ਅੰਦੋਲਨ ਧਰਮ, ਵਰਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਨੂੰ ਧਰਮਾਂ ਤੇ ਵਰਗਾਂ ਵਿੱਚ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਹੁਣ ਇਹ ਨਹੀਂ ਹੋ ਸਕਦਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ/ਆਰਐੱਸਐੱਸ ਦੀ ਅੰਦੋਲਨ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਨੂੰ ਕਿਸਾਨਾਂ ਨੇ ਰਾਤੋ-ਰਾਤ ਇਕੱਠੇ ਹੋ ਕੇ ਠੁੱਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਤਿੰਨਾਂ ਮੋਰਚਿਆਂ ਵਿੱਚ ਪਹੁੰਚ ਕੇ ਭਾਜਪਾ ਨੂੰ ਬੇਨਕਾਬ ਕਰ ਦਿੱਤਾ ਹੈ। ਯੁੱਧਵੀਰ ਸਿੰਘ ਨੇ ਕਿਹਾ ਕਿ ਜੋ ਕੌਮ ਤਿਰੰਗੇ ਵਿੱਚ ਲਿਪਟੀਆਂ ਆਪਣੇ ਲਾਡਲਿਆਂ ਦੀਆਂ ਲਾਸ਼ਾਂ ਢੋਂਹਦੀ ਹੈ, ਭਾਜਪਾ ਉਨ੍ਹਾਂ ਨੂੰ ਤਿਰੰਗੇ ਦੇ ਸਨਮਾਨ ਦਾ ਪਾਠ ਪੜ੍ਹਾ ਰਹੀ ਹੈ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਇੰਟਰਨੈੱਟ ਬੰਦ ਕਰਕੇ ਕਿਸਾਨਾਂ ਦੀ ਆਵਾਜ਼ ਬੰਦ ਨਹੀਂ ਕਰ ਸਕਦੀ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਅਗਲੇ ਦਿਨਾਂ ’ਚ 800 ਟਰਾਲੀਆਂ ਮੁਹਾਲੀ ਤੋਂ, ਲੁਧਿਆਣਾ ਤੋਂ 1000 ਹਜ਼ਾਰ ਗੱਡੀਆਂ ਚੱਲ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।
ਸਿੰਘੂ ਬਾਰਡਰ ਕਿਲੇ ’ਚ ਤਬਦੀਲ ਕੀਤਾ
ਨਵੀਂ ਦਿੱਲੀ: ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਅੰਦੋਲਨ ਦਾ ਕੇਂਦਰ ਬਿੰਦੂ ਰਹੇ ਸਿੰਘੂ ਬਾਰਡਰ ਨੂੰ ਕਿਲੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿੰਘੂ ਬਾਰਡਰ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਥਾਂ ਥਾਂ ਬੈਰੀਕੇਡ ਲਾ ਕੇ ਸੀਲ ਕਰ ਦਿੱਤਾ ਹੈ। ਧਰਨੇ ਵਾਲੀ ਥਾਂ ਦੇ ਦੁਆਲੇ ਸੁਰੱਖਿਆ ਦਾ ਬਹੁਪਰਤੀ ਪ੍ਰਬੰਧ ਕੀਤਾ ਗਿਆ ਹੈ ਤੇ ਹਜ਼ਾਰਾਂ ਦੀ ਗਿਣਤੀ ’ਚ ਸੁਰੱਖਿਆ ਅਮਲਾ ਮਾਰਚ ਕਰਦਾ ਆਮ ਵੇਖਿਆ ਜਾ ਸਕਦਾ ਹੈ। ਪੁਲੀਸ ਵੱਲੋਂ ਅੱਜ ਪੱਤਰਕਾਰਾਂ ਨੂੰ ਵੀ ਧਰਨੇ ਵਾਲੀ ਥਾਂ ਦਾਖ਼ਲ ਹੋਣ ਤੋਂ ਰੋਕਿਆ ਗਿਆ। ਬੈਰੀਕੇਡ ਦੇ ਇਕ ਪਾਸੇ ਖੜ੍ਹੇ ਹਰਿਆਣਾ ਦੇ ਕੈਥਲ ਤੋਂ ਆਏ ਨੌਜਵਾਨ ਮਨਜੀਤ ਢਿੱਲੋਂ ਨੇ ਕਿਹਾ, ‘ਇਨ੍ਹਾਂ ਲਾਠੀਆਂ, ਅੱਥਰੂ ਗੈਸ ਦੇ ਗੋਲਿਆਂ ਤੇ ਹੋਰ ਗੋਲੀ-ਸਿੱਕੇ ਤੋਂ ਅਸੀਂ ਡਰਨ ਵਾਲੇ ਨਹੀਂ। ਅਸੀਂ ਨਹੀਂ ਝੁਕਾਂਗੇ। ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੱਕ ਅਸੀਂ ਇਹ ਥਾਂ ਨਹੀਂ ਛੱਡਾਂਗੇ।’ ਇਕ ਸ਼ਖ਼ਸ ਨੇ ਕਿਹਾ, ‘ਮੈਂ ਦੁਕਾਨ ਖੋਲ੍ਹਣ ਤੋਂ ਡਰਦਾ ਹਾਂ। ਮੈਨੂੰ ਡਰ ਹੈ ਕਿ ਹਾਲਾਤ ਹੋਰ ਹਿੰਸਕ ਹੋ ਸਕਦੇ ਹਨ।’ -ਪੀਟੀਆਈ