ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 3 ਸਤੰਬਰ
ਸੱਤਾ ਪ੍ਰਾਪਤੀ ਲਈ ‘ਮਿਸ਼ਨ 2022’ ਤਹਿਤ ਪੰਜਾਬ ਦੀ ਸੌ ਦਿਨਾਂ ਸਿਆਸੀ ਯਾਤਰਾ ’ਤੇ ਨਿਕਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕਿਸਾਨਾਂ ਦਾ ਰੋਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਬੀਤੀ ਸ਼ਾਮ ਇੱਥੋਂ ਦੇ ਇੱਕ ਪੈਲੇਸ ਵਿੱਚ ਅਕਾਲੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨ ਪੁੱਜੇ ਸੁਖਬੀਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚੱਲਦਿਆਂ ਪੁਲੀਸ ਨੇ ਉਨ੍ਹਾਂ ਨੂੰ ਬਦਲਵੇਂ ਰੂਟ ਰਾਹੀਂ ਰੈਲੀ ਵਾਲੀ ਜਗ੍ਹਾ ਪਹੁੰਚਾਇਆ। ਇੱਥੇ ਕੁਝ ਮਿੰਟਾਂ ਵਿੱਚ ਹੀ ਸੁਖਬੀਰ ਆਪਣਾ ਭਾਸ਼ਣ ਸਮੇਟ ਕੇ ਅਗਲੇ ਪੜਾਅ ਲਈ ਰਵਾਨਾ ਹੋ ਗਏ। ਪੁਲੀਸ ਨੇ ਮੌਕੇ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਜ਼ੋਨ ਪ੍ਰਧਾਨ ਹਰਬੰਸ ਸਿੰਘ ਅਤੇ ਸੈਕਟਰੀ ਅਜੀਤ ਸਿੰਘ ਦੀ ਅਗਵਾਈ ਹੇਠ ਫਤਹਿਗੜ੍ਹ ਪੰਜਤੂਰ- ਜੋਗੇਵਾਲਾ ਮੁੱਖ ਸੜਕ, ਜਿਸ ਰਾਹੀਂ ਸੁਖਬੀਰ ਨੇ ਰੈਲੀ ਵਾਲੀ ਜਗ੍ਹਾ ਤੱਕ ਪੁੱਜਣਾ ਸੀ, ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ ਪਰ ਪੁਲੀਸ ਨੇ ਕਿਸਾਨਾਂ ਨੂੰ ਰੈਲੀ ਵਾਲੀ ਜਗ੍ਹਾ ਨੇੜੇ ਨਾ ਆਉਣ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨਾ ਤੈਅ ਹੈ ਅਤੇ ਸਰਕਾਰ ਬਣਦਿਆਂ ਹੀ ਉਹ ਗੱਠਜੋੜ ਵੱਲੋਂ ਉਲੀਕੇ ਗਏ ਵਿਕਾਸ ਏਜੰਡੇ ਨੂੰ ਪੰਜਾਬ ’ਚ ਲਾਗੂ ਕਰਨਗੇ। ਉਨ੍ਹਾਂ ਪੰਜਾਬ ਨੂੰ ਬਚਾਉਣ ਲਈ ਅਕਾਲੀ ਵਰਕਰਾਂ ਨੂੰ ਤਿਆਰੀਆਂ ਕਰਨ ਦੀ ਅਪੀਲ ਕੀਤੀ।