ਪਾਲ ਸਿੰਘ ਨੌਲੀ
ਜਲੰਧਰ, 11 ਅਕਤੂਬਰ
ਇੱਥੇ ਅੱਜ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨ ਜੱਥੇਬੰਦੀਆਂ ਨੇ ਨੈਸ਼ਨਲ ਹਾਈਵੇਅ ਉਤੇ ਧਰਨਾ ਲਗਾ ਦਿੱਤਾ। ਕਿਸਾਨ ਦਰੀਆਂ ਵਿਛਾ ਕੇ ਨੈਸ਼ਨਲ ਹਾਈਵੇਅ ਉੱਤੇ ਬੈਠ ਗਏ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਕੱਟਾਂ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਮੁਕੇਰੀਆਂ ਕਿਸਾਨ ਮਹਾਪੰਚਾਇਤ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਝੋਨੇ ਦੀ ਫਸਲ ਸਿਖਰ ਉੱਤੇ ਪਹੁੰਚ ਗਈ ਹੈ ਤਾਂ ਅਜਿਹੇ ਮੌਕੇ ਬਿਜਲੀ ਕੱਟ ਲਗਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਕਈ ਕਿਸਮਾਂ ਲੇਟ ਪੱਕਦੀਆਂ ਹਨ। ਉਨ੍ਹਾਂ ਲਈ ਪਾਣੀ ਦੀ ਲੋੜ ਹੁੰਦੀ ਹੈ। ਇਸ ਸਵਾਲ ਦੇ ਜਵਾਬ ਵਿਚ ਰਾਜੇਵਾਲ ਨੇ ਕਿਹਾ ਕਿ ਧਰਨਿਆਂ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ ਇਸ ਦਾ ਦੁੱਖ ਹੈ ਪਰ ਸਰਕਾਰਾਂ ਵੀ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀਆਂ ਜਿਸ ਕਰ ਕੇ ਮਜਬੂਰਨ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ। ਉੱਧਰ, ਜਾਮ ਲੱਗਣ ਕਾਰਨ ਸੜਕ ਉੱਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।