ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਦਸੰਬਰ
ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨ ਮੋਰਚੇ ਦੀ ਹੋਈ ਜਿੱਤ ਨੂੰ ਕਿਸਾਨਾਂ ਵਲੋਂ ਭੰਗੜੇ ਪਾ ਕੇ ਲੱਡੂ ਵੰਡ ਕੇ ਮਨਾਇਆ ਜਾ ਰਿਹਾ ਹੈ। ਅੱਜ ਦਿੱਲੀ ਤੋਂ ਪਰਤੇ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨ ਆਗੂਆਂ ਅਤੇ ਕਾਰਕੁੰਨਾਂ ਦਾ ਇਥੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਦੌਰਾਨ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ ਚਲ ਰਿਹਾ ਧਰਨਾ ਵੀ ਅੱਜ ਸਮਾਪਤ ਕਰ ਦਿੱਤਾ ਗਿਆ। ਦਿੱਲੀ ਤੋਂ ਪਰਤੇ ਇਸ ਜਥੇ ਦਾ ਪਹਿਲਾਂ ਦਬੁਰਜੀ ਵਿਖੇ ਸਵਾਗਤ ਕੀਤਾ ਗਿਆ ਅਤੇ ਮੁੜ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਸਵਾਗਤ ਕੀਤਾ ਗਿਆ। ਕਿਸਾਨਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਪਾਏ, ਦਿੱਲੀ ਤੋਂ ਪਰਤੇ ਕਿਸਾਨਾਂ ਦੇ ਗਲਾਂ ਵਿਚ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਜੀ ਆਇਆਂ ਆਖਿਆ।