ਨਵੀਂ ਦਿੱਲੀ, 21 ਅਪਰੈਲ
ਦਿੱਲੀ ਦੀਆਂ ਹੱਦਾਂ ’ਤੇ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਅੱਜ ਇਨ੍ਹਾਂ ਦੋਸ਼ਾਂ ਨੂੰ ਝੂਠਾ ਪ੍ਰਚਾਰ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਉਹ ਮੈਡੀਕਲ ਆਕਸੀਜਨ ਦੇ ਵਾਹਨ ਸ਼ਹਿਰ ’ਚ ਨਹੀਂ ਜਾਣ ਦੇ ਰਹੇ ਅਤੇ ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਜੋਖਮ ’ਚ ਪਾ ਰਹੇ ਹਨ। ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਲੰਘੀ ਰਾਤ ਦੋਸ਼ ਲਾਇਆ ਸੀ ਕਿ ਦਿੱਲੀ ’ਚ ਮੈਡੀਕਲ ਆਕਸੀਜਨ ਦੀ ਸਪਲਾਈ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਪ੍ਰਭਾਵਿਤ ਹੋਈ ਹੈ। ਕਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਿਹਾ ਕਿ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਐਮਰਜੈਂਸੀ ਸੇਵਾਵਾਂ ਲਈ ਇੱਕ ਰਾਹ ਖੁੱਲ੍ਹਾ ਛੱਡਿਆ ਹੋਇਆ ਹੈ। ਮੋਰਚਾ ਨੇ ਕਿਹਾ, ‘ਇੱਕ ਵੀ ਐਂਬੂਲੈਂਸ ਜਾਂ ਜ਼ਰੂਰੀ ਵਸਤਾਂ ਵਾਲੀ ਸੇਵਾ ਨੂੰ ਰੋਕਿਆ ਨਹੀਂ ਗਿਆ ਹੈ। ਕਿਸਾਨ ਨਹੀਂ ਬਲਕਿ ਇਹ ਸਰਕਾਰ ਹੀ ਹੈ ਜਿਸ ਨੇ ਮਜ਼ਬੂਤ ਅਤੇ ਬਹੁ-ਪਰਤੀ ਬੈਕੀਕੇਡ ਲਗਾਏ ਹੋਏ ਹਨ। ਕਿਸਾਨ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹ ਹਰ ਮਨੁੱਖ ਦੇ ਅਧਿਕਾਰ ਦੀ ਹਮਾਇਤ ਕਰਦੇ ਹਨ।’ ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ ਹਨ ਅਤੇ ਦਿੱਲੀ ’ਚ ਆਕਸੀਜਨ ਨਹੀਂ ਆਉਣ ਦੇ ਰਹੇ। ਇਹ ਬਿਲਕੁਲ ਗਲਤ ਖ਼ਬਰ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਦਰਸ਼ਨ ਕਰ ਰਹੇ ਹਨ ਪਰ ਉਹ ਕੋਵਿਡ-19 ਮਰੀਜ਼ਾਂ, ਕਰੋਨਾ ਯੋਧਿਆਂ ਜਾਂ ਆਮ ਲੋਕਾਂ ਖ਼ਿਲਾਫ਼ ਪ੍ਰਦਰਸ਼ਨ ਨਹੀਂ ਕਰ ਰਹੇ। -ਏਜੰਸੀ