ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਾਰਚ
ਕਿਸਾਨ ਸੰਘਰਸ਼ ਤੇ 26 ਜਨਵਰੀ ਦੇ ਘਟਨਾਕ੍ਰਮ ਸਬੰਧੀ ਜੇਲ੍ਹਾਂ ’ਚੋਂ ਰਿਹਾਅ ਹੋਏ ਕਿਸਾਨਾਂ ਅਤੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਵਕੀਲਾਂ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਲਾਲ ਕਿਲੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਅੱਜ ਉਹ ਆਪਣੇ ਭੈਣ-ਭਰਾਵਾਂ ਨਾਲ ਖੜ੍ਹੇ ਨਾ ਹੋਏ ਤਾਂ ਆਉਣ ਵਾਲੀ ਪੀੜੀ ਉਨ੍ਹਾਂ ਨੂੰ ਗੁਨਾਹਗਾਰ ਕਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਮਾਵਾਂ ਨੂੰ ਇਹ ਹੌਸਲੇ ਹੋ ਗਏ ਕਿ ਕਮੇਟੀ ਉਨ੍ਹਾਂ ਦੇ ਪੁੱਤਾਂ ਨਾਲ ਖੜ੍ਹੀ ਹੈ। ਇਹ ਸਭ ਦਿੱਲੀ ਦੀਆਂ ਸੰਗਤ ਸਦਕਾ ਹੋਇਆ ਹੈ। ਸਿਰਸਾ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹਨ। ਸਰਕਾਰ ਵੱਲੋਂ ਕਿਸਾਨ ਅੰਦੋਲਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਦਿੱਲੀ ਗੁਰਦਆਰਾ ਕਮੇਟੀ ਕਿਸਾਨਾਂ ਨਾਲ ਖੜ੍ਹੀ ਸੀ, ਖੜ੍ਹੀ ਹੈ ਤੇ ਖੜ੍ਹੀ ਰਹੇਗੀ। ਇਸ ਮੌਕੇ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਨੌਜਵਾਨ ਰਣਜੀਤ ਸਿੰਘ ਅਤੇ ਹੋਰ ਨੌਜਵਾਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ। ਇਸ ਮਗਰੋਂ ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਮਾਗਮ ਹੋਇਆ, ਜਿੱਥੇ ਇਨ੍ਹਾਂ ਕਿਸਾਨਾਂ ਦੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਸਾਰੇ ਵਕੀਲਾਂ ਦਾ ਸਨਮਾਨ ਕੀਤਾ ਗਿਆ।