ਖੇਤਰੀ ਪ੍ਰਤੀਨਿਧ
ਪਟਿਆਲਾ, 24 ਜਨਵਰੀ
ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਫਿਲਮ ‘ਗੁੱਡ ਲੱਕ ਜੈਰੀ’ ਦੀ ਟੀਮ ਨੂੰ ਅੱਜ ਕਿਸਾਨਾਂ ਦੇ ਵਿਰੋਧ ਕਾਰਨ ਇੱਥੇ ਚੱਲ ਰਹੀ ਸ਼ੂਟਿੰਗ ਰੋਕਣੀ ਪਈ। ਸਥਾਨਕ ਸ਼ਹਿਰ ਦੇ ਸਿਵਲ ਲਾਈਨ ਖੇਤਰ ਵਿੱਚ ਜਦੋਂ ਫਿਲਮ ਦੇ ਕਲਾਕਾਰ ਸ਼ੂਟਿੰੰਗ ਰਹੇ ਸਨ, ਤਾਂ ਕਿਸਾਨਾਂ ਨੇ ਇੱਥੇ ਆ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਕਿਸਾਨ ਆਗੂ ਨੇ ਆਖਿਆ ਕਿ ਖੇਤੀ ਕਾਨੂੰਨਾਂ ਬਾਰੇ ਫਿਲਮੀ ਅਦਾਕਾਰਾਂ ਵੱਲੋਂ ਵੱਟੀ ਚੁੱਪ ਕਰਕੇ ਉਨ੍ਹਾਂ ਵੱਲੋਂ ਸ਼ੂਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਸੁਖਵਿੰਦਰ ਸਿੰਘ ਗਿੱਲ ਮੌਕੇ ’ਤੇ ਪਹੁੰਚ ਗਏ ਤੇ ਸਥਿਤੀ ਸੰਭਾਲੀ। ਜ਼ਿਕਰਯੋਗ ਹੈ ਕਿ 11 ਜਨਵਰੀ ਨੂੰ ਵੀ ਬਸੀ ਪਠਾਣਾ ਵਿੱਚ ਇਸ ਫਿਲਮ ਦੀ ਸ਼ੂਟਿੰਗ ਕਿਸਾਨਾਂ ਨੇ ਰੁਕਵਾ ਦਿੱਤੀ ਸੀ।