ਖੇਤਰੀ ਪ੍ਰਤੀਨਿਧ
ਪਟਿਆਲਾ, 5 ਮਈ
‘ਦਿੱਲੀ-ਕਟੜਾ ਐਕਸਪ੍ਰੈੱਸ ਵੇਅ’ ਲਈ ਘੱਟ ਰੇਟ ’ਤੇ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਸਵਾ ਮਹੀਨੇ ਤੋਂ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਧਰਨਾ ਦੇ ਰਹੇ ਕਿਸਾਨਾਂ ਨੇ 4 ਮਈ ਨੂੰ ਸਥਾਨਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਬਣੀ ਸਹਿਮਤੀ ਕਾਰਨ ਅੱਜ ਵਾਈਪੀਐੱਸ ਚੌਕ ’ਚੋਂ ਧਰਨਾ ਚੁੱਕ ਕੇ ਸੜਕ ਕਿਨਾਰੇ ਕਰਦਿਆਂ ਆਵਾਜਾਈ ਬਹਾਲ ਕਰ ਦਿੱਤੀ ਹੈ। ਅਧਿਕਾਰੀਆਂ ਨਾਲ ਹੋਈ ਗੱਲਬਾਤ ਤਹਿਤ ਧਰਨੇ ’ਚ ਕਿਸਾਨਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ। ਬੀਤੇ ਦਿਨ ਵਿਸ਼ੇਸ਼ ਕਮੇਟੀ ਨਾਲ ਮੀਟਿੰਗ ਤੈਅ ਹੋਣ ਮਗਰੋਂ ਛੇ ਵਿੱਚੋਂ ਚਾਰ ਧਰਨੇ ਹਟਾ ਦਿੱਤੇ ਗਏ ਸਨ ਅਤੇ ਸੂਲਰ ਰੋਡ ਅਤੇ ਚੌਕ ਵਾਲਾ ਧਰਨਾ ਨਹੀਂ ਸੀ ਚੁੱਕਿਆ ਗਿਆ। ਧਰਨੇ ਦੀ ਅਗਵਾਈ ‘ਰੋਡ ਕਿਸਾਨ ਸੰਘਰਸ਼ ਕਮੇਟੀ’ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਕਰ ਰਹੇ ਹਨ।