* ਦਿੱਲੀ ਦੇ ਮੋਰਚਿਆਂ ਤੋਂ ਪਰਤ ਰਹੇ ਕਿਸਾਨਾਂ ਦਾ ਰਾਹ ਵਿਚ ਵੱਖ-ਵੱਖ ਥਾਈਂ ਲੋਕਾਂ ਵੱਲੋਂ ਜ਼ੋਰਦਾਰ ਸਵਾਗਤ * ਫੁੱਲਾਂ ਦੀ ਵਰਖਾ ਕੀਤੀ ਤੇ ਮਠਿਆਈਆਂ ਵੰਡੀਆਂ * ਨੌਜਵਾਨਾਂ ਤੇ ਔਰਤਾਂ ਨੇ ਢੋਲ ਵਜਾ ਕੇ ਤੇ ਭੰਗੜੇ ਪਾ ਕੇ ਮਨਾਈ ਖ਼ੁਸ਼ੀ
ਮਨਧੀਰ ਸਿੰਘ ਦਿਉਲ
ਨਵੀਂ ਦਿੱਲੀ/ਚੰਡੀਗੜ੍ਹ, 11 ਦਸੰਬਰ
ਦਿੱਲੀ ਦੇ ਮੋਰਚਿਆਂ ਤੋਂ ਮੁੜ ਰਹੇ ਕਿਸਾਨਾਂ ਦਾ ਪੰਜਾਬ ਤੇ ਹਰਿਆਣਾ ਵਿਚ ਵੱਖ-ਵੱਖ ਥਾਈਂ ਅੱਜ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਮਠਿਆਈਆਂ ਵੰਡੀਆਂ ਗਈਆਂ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਮਿਲੀ ‘ਜਿੱਤ’ ਤੋਂ ਬਾਅਦ ਅੱਜ ਕਿਸਾਨ ਵੱਡੀ ਗਿਣਤੀ ਵਿਚ ਆਪੋ-ਆਪਣੇ ਘਰਾਂ ਨੂੰ ਪਰਤ ਆਏ। ਦਿੱਲੀ-ਕਰਨਾਲ-ਅੰਬਾਲਾ, ਦਿੱਲੀ-ਹਿਸਾਰ ਜਿਹੇ ਕੌਮੀ ਮਾਰਗਾਂ ਸਣੇ ਕਈ ਹੋਰਨਾਂ ਰਾਜ ਮਾਰਗਾਂ ਉਤੇ ਜੁੜੇ ਕਿਸਾਨ ਪਰਿਵਾਰਾਂ ਤੇ ਪਿੰਡਾਂ ਦੇ ਲੋਕਾਂ ਨੇ ਟਰੈਕਟਰ-ਟਰਾਲੀਆਂ ਵਿਚ ਵਾਪਸ ਆ ਰਹੇ ਸੰਘਰਸ਼ੀ ਕਿਸਾਨਾਂ ਦਾ ਫੁੱਲਾਂ ਦੇ ਹਾਰਾਂ, ਲੱਡੂਆਂ, ਬਰਫ਼ੀ ਤੇ ਹੋਰਨਾਂ ਮਠਿਆਈਆਂ ਨਾਲ ਸਨਮਾਨ ਤੇ ਸਵਾਗਤ ਕੀਤਾ। ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲੇ ਪਿੰਡਾਂ ਦੇ ਵਾਸੀਆਂ ਤੇ ਹੋਰਨਾਂ ਨੇ ਆਪੋ-ਆਪਣੀਆਂ ਜਥੇਬੰਦੀਆਂ ਦੇ ਝੰੰਡੇ ਟਰੈਕਟਰਾਂ ਉਤੇ ਲਾ ਕੇ ਵਾਪਸ ਆਉਣ ਵਾਲਿਆਂ ’ਤੇ ਫੁੱਲਾਂ ਦੀ ਵਰਖਾ ਕੀਤੀ। ਦਿੱਲੀ-ਹਰਿਆਣਾ ਬਾਰਡਰ ’ਤੇ ਸਿੰਘੂ ਨੇੜੇ ਕਿਸਾਨਾਂ ਦਾ ਸਵਾਗਤ ਕਰਨ ਲਈ ਇਕ ਪਰਿਵਾਰ ਚੰਡੀਗੜ੍ਹ ਤੋਂ ਲੰਮਾ ਪੈਂਡਾ ਤੈਅ ਕਰ ਕੇ ਪਹੁੰਚ ਗਿਆ। ਚੰਡੀਗੜ੍ਹ ਨਿਵਾਸੀ ਨੇ ਕਿਹਾ, ‘ਖੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਜਿੱਤ ਕਿਸਾਨਾਂ ਦੀ ਤਪੱਸਿਆ ਦਾ ਫ਼ਲ ਹੈ ਜਿਨ੍ਹਾਂ ਹਰ ਕਸ਼ਟ ਸਹਿ ਕੇ, ਮੌਸਮ ਦੀ ਮਾਰ ਝੱਲ ਕੇ ਅੰਦੋਲਨ ਨੂੰ ਸਿਰੇ ਲਾਇਆ ਹੈ।’ ਟਰੈਕਟਰਾਂ ਤੇ ਟਰਾਲੀਆਂ ਦੇ ਵੱਡੇ ਕਾਫਲਿਆਂ ਕਾਰਨ ਅੱਜ ਦਿੱਲੀ-ਅੰਬਾਲਾ ਤੇ ਦਿੱਲੀ-ਰੋਹਤਕ ਮਾਰਗ ਉਤੇ ਕਈ ਥਾਵਾਂ ’ਤੇ ਜਾਮ ਲੱਗ ਗਿਆ। ਖ਼ੁਸ਼ੀ ਵਿਚ ਨੌਜਵਾਨਾਂ ਤੇ ਔਰਤਾਂ ਨੇ ਰਾਹ ਵਿਚ ਹੀ ਢੋਲ ਦੀ ਤਾਲ ’ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਨੇੜੇ ਖਨੌਰੀ ਵਿਚ ਸੰਘਰਸ਼ ਵਿਚ ਹਿੱਸਾ ਲੈ ਕੇ ਪਰਤ ਰਹੇ ਕਿਸਾਨਾਂ ਦੇ ਸਵਾਗਤ ਲਈ ਪਿੰਡ ਵਾਸੀ ਵੱਡੀ ਗਿਣਤੀ ਵਿਚ ਜੁੜੇ ਤੇ ਖ਼ੁਸ਼ੀ ਵਿਚ ਪਟਾਕੇ ਚਲਾਏ। ਲੁਧਿਆਣਾ ਦੇ ਇਕ ਕਿਸਾਨ ਨੇ ਕਿਹਾ ‘ਅਸੀਂ ਜਿੱਤ ਕੇ ਪਰਤ ਰਹੇ ਹਾਂ।’ ਕੌਮੀ ਮਾਰਗਾਂ ਦੇ ਨਾਲ ਟੌਲ ਪਲਾਜ਼ਿਆਂ ਤੇ ਕਈ ਹੋਰ ਥਾਵਾਂ ’ਤੇ ਕਿਸਾਨਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਸਨ। ਸਿੰਘੂ ਬਾਰਡਰ ’ਤੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਪੰਜਾਬ ਤੇ ਹਰਿਆਣਾ ਨੂੰ ਮੁੜਨੀਆਂ ਸ਼ੁਰੂ ਹੋਈਆਂ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਾਲ ਤੋਂ ਵੱਖ-ਵੱਖ ਬਾਰਡਰਾਂ ਉਤੇ ਗੱਡੇ ਆਪਣੇ ਟੈਂਟ ਤੇ ਹੋਰ ਢਾਂਚੇ ਪੁੱਟ ਲਏ। ਉਹ ਪਲ ਭਾਵੁਕ ਕਰਨ ਵਾਲੇ ਸਨ ਜਦ ਕਿਸਾਨਾਂ ਨੇ ਅਰਦਾਸ ਤੇ ਹਵਨ ਕਰ ਕੇ ਪ੍ਰਮਾਤਮਾ ਦਾ ਸ਼ੁਕਰ ਅਦਾ ਕੀਤਾ ਅਤੇ ਕਾਫਲਿਆਂ ਦੇ ਰੂਪ ਵਿਚ ਪੰਜਾਬ, ਹਰਿਆਣਾ ਤੇ ਯੂਪੀ ਵਿਚਲੇ ਆਪੋ-ਆਪਣੇ ਘਰਾਂ ਨੂੰ ਤੁਰ ਪਏ। ਸ਼ਾਮ ਚਾਰ ਵਜੇ ਤੱਕ ਚੌਥੇ ਹਿੱਸੇ ਤੋਂ ਥੋੜ੍ਹੇ ਘੱਟ ਕਿਸਾਨ ਸਿੰਘੂ ਬਾਰਡਰ ਤੋਂ ਨਿਕਲੇ ਸਨ। ਗਾਜ਼ੀਪੁਰ ਬਾਰਡਰ ਉਤੇ ਵੀ ਟੈਂਟ ਵਗੈਰਾ ਪੁੱਟਣ ਦਾ ਕੰਮ ਚੱਲ ਰਿਹਾ ਹੈ ਪਰ ਕਿਸਾਨਾਂ ਨੇ ਕਿਹਾ ਹੈ ਕਿ ਥਾਵਾਂ ਪੂਰੀ ਤਰ੍ਹਾਂ 15 ਦਸੰਬਰ ਤੱਕ ਹੀ ਖਾਲੀ ਹੋ ਸਕਣਗੀਆਂ। ਸਾਲ ਤੋਂ ਡਟੇ ਮੁਜ਼ਾਹਰਾਕਾਰੀ ਇਸ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਕਾਹਲੇ ਜਾਪੇ। ਕਈ ਕਿਸਾਨਾਂ ਨੇ ਇਸ ਮੌਕੇ ਕਿਹਾ ਕਿ ਇਕ ਸਾਲ ਦੇ ਇਸ ਸੰਘਰਸ਼ ਨੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ, ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਸੰਘਰਸ਼ ਦਾ ਹਿੱਸਾ ਬਣੇ। ਕਈਆਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਨ ਕਿ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।
ਯੂਪੀ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਘਰਸ਼ ਦੌਰਾਨ ਕਈ ਨਵੇਂ ਦੋਸਤ ਮਿਲੇ। ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਕੇਂਦਰ ਸਰਕਾਰ ਦੇ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਹਰ ਤਰ੍ਹਾਂ ਦੇ ਮੌਸਮ ਵਿਚ ਡਟੇ ਰਹੇ। ਫੁੱਲਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰਾਂ ਉਤੇ ਕੌਮੀ ਝੰਡਿਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਝੰਡੇ ਲੱਗੇ ਹੋਏ ਸਨ। ਟਰੈਕਟਰਾਂ ਉਤੇ ਜਿੱਤ ਦੇ ਪੰਜਾਬੀ ਅਤੇ ਦੇਸ਼ ਭਗਤੀ ਦੇ ਗੀਤ ਸੁਣੇ ਜਾ ਸਕਦੇ ਸਨ, ’ਤੇ ਵਿਚ-ਵਿਚਾਲੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਵੀ ਛੱਡੇ ਜਾ ਰਹੇ ਸਨ। ਟਰੈਕਟਰ-ਟਰਾਲੀਆਂ ਵਿਚ ਗੱਦੇ, ਰਜਾਈਆਂ, ਭਾਂਡੇ ਤੇ ਹੋਰ ਸਾਮਾਨ ਲੱਦਿਆ ਹੋਇਆ ਸੀ ਜੋ ਕਿਸਾਨ ਸੰਘਰਸ਼ ਦੌਰਾਨ ਆਪਣੇ ਨਾਲ ਲੈ ਕੇ ਗਏ ਸਨ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਵੀ ਜਸ਼ਨ ਦਾ ਮਾਹੌਲ ਸੀ ਤੇ ਭੰਗੜੇ ਪਾਏ ਗਏ। ਕਿਸਾਨਾਂ ਦੀ ਵਾਪਸੀ ਦੇ ਮੱਦੇਨਜ਼ਰ ਕਰਨਾਲ ਵਿਚ ਬਸਤਾਰਾ ਟੌਲ ਪਲਾਜ਼ੇ ਕੋਲ ਤੇ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ ਲੰਗਰ ਲਾਇਆ ਗਿਆ। ਜ਼ਿਕਰਯੋਗ ਹੈ ਕਿ ਸ਼ੰਭੂ ਕੌਮੀ ਮਾਰਗ ’ਤੇ ਅੰਤਰ-ਰਾਜੀ ਹੱਦ ਹੈ ਜਿੱਥੇ ਪੁਲੀਸ ਨੇ ਪਿਛਲੇ ਸਾਲ ਨਵੰਬਰ ਵਿਚ ਕਿਸਾਨਾਂ ’ਤੇ ਉਸ ਵੇਲੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ ਜਦ ਉਨ੍ਹਾਂ ਦਿੱਲੀ ਵੱਲ ਚਾਲੇ ਪਾਏ ਸਨ। -ਪੀਟੀਆਈ
ਸ਼ੰਭੂ ਬੈਰੀਅਰ ’ਤੇ ਰਾਤ ਤੱਕ ਰਿਹਾ ਵਿਆਹ ਵਰਗਾ ਮਾਹੌਲ
ਸ਼ੰਭੂ ਬੈਰੀਅਰ (ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ): ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ’ਚ ਪੈਂਦੇ ਸ਼ੰਭੂ ਬੈਰੀਅਰ ’ਤੇ ਸ਼ਨਿੱਚਰਵਾਰ ਨੂੰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਵਿਆਹ ਵਰਗਾ ਮਾਹੌਲ ਰਿਹਾ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੀ ਵੱਧ ਸਮਾਂ ਚੱਲੇ ਮੋਰਚੇ ਨੂੰ ਫ਼ਤਹਿ ਕਰ ਕੇ ਅੱਜ ਸ਼ੰਭੂ ਰਸਤੇ ਪੰਜਾਬ ਪਰਤੇ ਸੰਘਰਸ਼ੀਆਂ ਦਾ ਲੋਕਾਂ ਨੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ। ਸ਼ੰਭੂ ਬੈਰੀਅਰ ’ਤੇ ਕਿਸਾਨ-ਮਜ਼ਦੂਰ ਏਕਤਾ ਅਤੇ ਜਿੱਤ ਨੂੰ ਸਮਰਪਿਤ ਗੂੰਜਾਊ ਨਾਅਰੇ ਤੇ ਜੈਕਾਰੇ ਲੱਗੇ। ਇਸ ਮੌਕੇ ਵਿਸ਼ੇਸ਼ ਸਵਾਗਤੀ ਗੇਟ ਵੀ ਬਣਾਇਆ ਗਿਆ ਸੀ। ਕਿਧਰੇ ਡੀਜੇ ’ਤੇ ਕਿਸਾਨੀ ਅਤੇ ਜਿੱਤ ਨੂੰ ਸਮਰਪਿਤ ਗੀਤ ਚੱਲ ਰਹੇ ਸਨ, ਕਿਧਰੇ ਲੋਕ ਢੋਲ ਦੀ ਥਾਪ ’ਤੇ ਭੰਗੜੇ ਪਾ ਰਹੇ ਸਨ ਤੇ ਕਿਧਰੇ ਬੈਂਡ ਵਾਜੇ ਵੱਜ ਰਹੇ ਸਨ। ਰਾਤ ਤੱਕ ਪਟਾਕੇ ਅਤੇ ਆਤਿਸ਼ਬਾਜ਼ੀਆਂ ਚੱਲਦੀਆਂ ਰਹੀਆਂ।
ਸੰਯੁਕਤ ਕਿਸਾਨ ਮੋਰਚੇ ਦੇ ਹੈੱਡਕੁਆਰਟਰ ’ਚ ਸੁੰਨ ਪੱਸਰੀ
ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੇ ਹੈੱਡਕੁਆਰਟਰ ਅੱਜ ਖਾਲੀ ਨਜ਼ਰ ਆਏ ਕਿਉਂਕਿ ਕੇਂਦਰ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਵਰ੍ਹੇ ਤੋਂ ਵੱਧ ਸਮੇਂ ਤੋਂ ਧਰਨਾ ਦੇ ਰਹੇ ਕਿਸਾਨ ਖੇਤੀ ਕਾਨੂੰਨ ਰੱਦ ਹੋਣ ਤੇ ਸਰਕਾਰ ਵੱਲੋਂ ਹੋਰ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਣ ਮਗਰੋਂ ਘਰਾਂ ਨੂੰ ਪਰਤ ਗਏ ਹਨ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਕਾਇਮ ਹੋਇਆ ਸੰਯੁਕਤ ਕਿਸਾਨ ਮੋਰਚਾ 40 ਕਿਸਾਨ ਯੂਨੀਅਨਾਂ ਦੇ ਸਾਂਝੀ ਜਥੇਬੰਦੀ ਹੈ ਕਿਸਾਨ ਅੰਦੋਲਨ ਦੌਰਾਨ ਮੁੱਖ ਕੇਂਦਰ ਰਿਹਾ ਸੰਯੁਕਤ ਕਿਸਾਨ ਮੋਰਚੇ ਦਾ ਹੈੱਡਕੁਆਰਟਰ ਹਰਿਆਣਾ ਦੇ ਕੁੰਡਲੀ ਵਿੱਚ ਹਾਈਵੇਅ ਦੇ ਨਾਲ ਟਾਈਲਾਂ ਦੇ ਗੁਦਾਮ ਵਿੱਚ ਸੀ, ਜਿੱਥੇ ਅਣਗਿਣਤ ਮੀਟਿੰਗਾਂ ਤੇ ਪ੍ਰੈਸ ਕਾਨਫਰੰਸਾਂ ਹੋਈਆਂ।
ਦੇਸ਼ ਵਾਸੀਆਂ ਤੇ ਪੰਜਾਬੀਆਂ ਨੂੰ ਮੁਬਾਰਕ : ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸ਼ੰਭੂ ਬਾਰਡਰ ਉਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੱਤੀ। ਰਾਜੇਵਾਲ ਨੇ ਕਿਹਾ, ‘ਮੈਂ ਸਾਰੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਇਕ ਵੱਡੀ ਜੰਗ ਜਿੱਤ ਲਈ ਗਈ ਹੈ…ਉਨ੍ਹਾਂ ਸਾਰਿਆਂ ਦਾ ਵੀ ਧੰਨਵਾਦ ਜਿਨ੍ਹਾਂ ਸੰਘਰਸ਼ ਦੀ ਹਮਾਇਤ ਕੀਤੀ।’ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਮੋਰਚਾ ਜਿੱਤ ਲਿਆ ਗਿਆ ਹੈ…ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਗਿਆ ਹੈ। ਰਾਜੇਵਾਲ ਨੇ ਇਸ ਮੌਕੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ 700 ਤੋਂ ਵੱਧ ਕਿਸਾਨਾਂ ਨੇ ਕੁਰਬਾਨੀ ਦਿੱਤੀ ਹੈ ਤੇ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।
ਗਾਜ਼ੀਪੁਰ ਹੱਦ ਤੋਂ ਯੂਪੀ ਲਈ ਕਿਸਾਨਾਂ ਦਾ ਪਹਿਲਾ ਜਥਾ ਰਵਾਨਾ
ਨਵੀਂ ਦਿੱਲੀ: ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਅੱਜ ਗਾਜ਼ੀਪੁਰ ਸਰਹੱਦ ਤੋਂ ਘਰ ਪਰਤਣ ਵਾਲੇ ਕਿਸਾਨਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪਹਿਲਾ ਸਮੂਹ ਉੱਤਰ ਪ੍ਰਦੇਸ਼ ਦੇ ਬਿਜਨੌਰ ਲਈ ਰਵਾਨਾ ਹੋ ਗਿਆ ਹੈ। ਟਿਕੈਤ ਨੇ ਦੱਸਿਆ ਕਿ ਉਹ 15 ਦਸੰਬਰ ਨੂੰ ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਵਾਲੀ ਜਗ੍ਹਾ ਛੱਡ ਦੇਣਗੇ। ਇਸ ਦੌਰਾਨ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਫਲਾਈਓਵਰ ’ਤੇ ਆਵਾਜਾਈ ਕਾਫੀ ਮੱਠੀ ਹੋ ਗਈ, ਜੋ ਰਾਸ਼ਟਰੀ ਰਾਜਧਾਨੀ ਨੂੰ ਆਗਰਾ ਅਤੇ ਅੰਬਾਲਾ ਹਾਈਵੇਅ ਨਾਲ ਜੋੜਦਾ ਹੈ।
ਪੰਜਾਬ-ਹਰਿਆਣੇ ਦੀਆਂ ਪਈਆਂ ਗਲਵੱਕੜੀਆਂ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਤੁਰਨ ਵੇਲੇ ਇਕ-ਦੂਜੇ ਨੂੰ ਗਲਵੱਕੜੀ ਪਾਈ ਤੇ ‘ਪੰਜਾਬ ਅਤੇ ਹਰਿਆਣਾ ਭਾਈਚਾਰਾ ਜ਼ਿੰਦਾਬਾਦ’ ਦੇ ਜ਼ੋਰਦਾਰ ਨਾਅਰੇ ਲਾਏ। ਕਿਸਾਨਾਂ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਕਿਸਾਨਾਂ ਦਾ ਭਾਈਚਾਰਾ ਤੇ ਮੋਹ ਇਸ ਸੰਘਰਸ਼ ਤੋਂ ਬਾਅਦ ਹੋਰ ਗੂੜ੍ਹਾ ਹੋ ਗਿਆ ਹੈ। ਪੰਜਾਬ ਦੇ ਕਈ ਕਿਸਾਨਾਂ ਨੇ ਇਸ ਮੌਕੇ ਹਰਿਆਣਾ ਦੇ ਲੋਕਾਂ ਦਾ ਉਨ੍ਹਾਂ ਦੀ ਮਦਦ ਕਰਨ ਲਈ ਦਿਲੋਂ ਧੰਨਵਾਦ ਕੀਤਾ। ਭਾਵੁਕ ਹੋਏ ਕਿਸਾਨਾਂ ਨੇ ਇਕ ਦੂਜੇ ਨੂੰ ਜੱਫੀਆਂ ਪਾਈਆਂ ਤੇ ਵਾਅਦਾ ਕੀਤਾ ਕਿ ਉਹ ਇਕ ਸਾਲ ਦੌਰਾਨ ਬਣੇ ਇਨ੍ਹਾਂ ਰਿਸ਼ਤਿਆਂ ਨੂੰ ਕਾਇਮ ਰੱਖਣਗੇ। ਉਨ੍ਹਾਂ ਕਿਹਾ ਕਿ ਗਹਿਰੇ ਜਜ਼ਬਾਤ ਤੇ ਯਾਦਾਂ ਮੋਰਚੇ ਨਾਲ ਜੁੜੀਆਂ ਹੋਈਆਂ ਹਨ।