ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਈ
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਧਰਨਿਆਂ ਤੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਦਿੱਤੇ ‘ਕਾਲੇ ਦਿਵਸ’ ਦੇ ਪ੍ਰਦਰਸ਼ਨਾਂ ਨੂੰ ਸਮੂਹ ਵਰਗਾਂ ਦੀ ਹਮਾਇਤ ਤੋਂ ਬਾਅਦ ਆਉਂਦੇ ਦਿਨਾਂ ਦੌਰਾਨ ਅੰਦੋਲਨ ਹੋਰ ਭਖਾਇਆ ਜਾਵੇਗਾ। ਅੱਜ ਮੋਰਚਿਆਂ ’ਤੇ ਕਿਸਾਨਾਂ ਅਤੇ ਔਰਤਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਰਗੜੇ ਲਾਏ ਅਤੇ ਕਿਹਾ ਕਿ ਕਿਸਾਨੀ ਅੰਦੋਲਨ ਸੱਤਾ ਦੇ ਨਸ਼ੇ ’ਚ ਚੂਰ ਭਾਜਪਾ ਦੇ ਦੇਸ਼ ਵਿੱਚ ਸਿਆਸੀ ਅੰਤ ਦਾ ਮੁੱਢ ਬੰਨ੍ਹੇਗਾ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਹਾਲ ਹੀ ’ਚ ਪੱਛਮੀ ਬੰਗਾਲ ਦੇ ਲੋਕਾਂ ਨੇ ਭਾਜਪਾ ਨੂੰ ਸਬਕ ਸਿਖਾਇਆ ਹੈ, ਉਸੇ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ਦੇ ਲੋਕ ਵੀ ਤਿਆਰ ਬੈਠੇ ਹਨ। ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਅਰਥਚਾਰੇ ਦੇ ਮੂਲਵਾਦੀ ਇਨ੍ਹਾਂ ਖੇਤੀ ਕਾਨੂੰਨਾਂ ਦੀ ਪਿੱਠ ਥਾਪੜ ਰਹੇ ਹਨ ਜਦੋਂ ਕਿ ਦੂਸਰੇ ਪਾਸੇ ਖੇਤੀ ਕਾਨੂੰਨਾਂ ਨੇ ਸਮੁੱਚੇ ਸਮਾਜ ਨੂੰ ਇਕਜੁੱਟ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਰਥਿਕ ਸੁਧਾਰਾਂ ਵਾਲਾ ਜੋ ਡਿਜ਼ਾਈਨ ਯੂਰਪ ਦੀਆਂ ਵੱਡੀਆਂ ਖੇਤੀ ਜੋਤਾਂ ’ਤੇ ਕਾਮਯਾਬ ਨਹੀਂ ਹੋ ਸਕਿਆ, ਉਸ ਨੂੰ ਭਾਰਤ ਵਰਗੇ ਮੁਲਕ ਅੰਦਰ ਛੋਟੀਆਂ ਜੋਤਾਂ ’ਤੇ ਜਬਰੀ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਖੇਤੀ ਸੈਕਟਰ ’ਚ ‘ਘਾਟਿਆਂ ਦੀ ਪੈਦਾਵਾਰ’ ਕਰਨ ਦੇ ਰਾਹ ਪਈ ਹੈ। ਕਾਰਪੋਰੇਟ ਕੰਪਨੀਆਂ ਨੇ ਜਿੱਥੇ ਕਿਸਾਨਾਂ ਨੂੰ ਖੇਤਾਂ ਦੇ ਰਫਿਊਜੀ ਬਣਾਉਣ ਲਈ ਰਾਹ ਪੱਧਰਾ ਕੀਤਾ, ਉੱਥੇ ਵਾਤਾਵਰਨ ’ਚ ਨਵੇਂ ਵਿਗਾੜ ਵੀ ਖੜ੍ਹੇ ਕਰ ਦਿੱਤੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਕਾਲ ਦੀ ਭਿਆਨਕ ਪ੍ਰਸਥਿਤੀ ਵਿੱਚ ਲਿਆ ਕੇ ਹੀ ਸਰਕਾਰ ਨੇ ਸ਼ੰਕੇ ਖੜ੍ਹੇ ਕਰ ਦਿੱਤੇ ਸਨ, ਜਦੋਂ ਕਿ ਆਰਡੀਨੈਂਸ ਕੇਵਲ ਹੰਗਾਮੀ ਹਾਲਾਤ ’ਚ ਲਿਆਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁਲਕ ਦੇ ਕਿਸਾਨਾਂ ਦਾ ਵੱਡਾ ਹਿੱਸਾ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਖੜ੍ਹਾ ਹੈ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਰਕਾਰ ਜਬਰੀ ਲਾਗੂ ਨਹੀਂ ਕਰ ਸਕਦੀ। ਕੇਂਦਰ-ਸਰਕਾਰ ਤੁਰੰਤ ਤਿੰਨੋਂ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰੇ, ਨਾਲ ਹੀ ਸਾਰੀਆਂ ਫਸਲਾਂ ’ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨਿਸ਼ਚਿਤ ਕਰਨ ਲਈ ਕਾਨੂੰਨ ਬਣਾਵੇ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਸੋਧਾਂ ਅਤੇ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਨਿੱੱਜੀਕਰਨ ਤਾਜ਼ਾ ਮਿਸਾਲਾਂ ਹਨ। ਬੁਨਿਆਦੀ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਸਿਆਸਤ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ। ਸੱਤਾਧਾਰੀ ਕਿਸ ਕਦਰ ਅੜੀਅਲ ਹੋ ਗਏ ਹਨ, ਕਿਸਾਨ ਅੰਦੋਲਨ ਉਸ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਬਣਾਏ ਇਹ ਤਿੰਨ ਕਾਨੂੰਨ ਅਤੇ ਬਿਜਲੀ ਬਿੱਲ 2020 ਵੀ ਕੇਂਦਰ ਸਰਕਾਰ ਦੀਆਂ ਗਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹਨ। ਅੱਜ ਇਹ ਕਾਨੂੰਨ ਦੋਵਾਂ ਜ਼ਮੀਨਾਂ ਵਾਲੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਹਨ।
ਬਲਬੀਰ ਸਿੰਘ ਸ਼ੰਕਰਪੁਰ ਨੂੰ ਸ਼ਰਧਾਂਜਲੀਆਂ
ਪਟਿਆਲਾ(ਖੇਤਰੀ ਪ੍ਰਤੀਨਿਧ): ਕਿਸਾਨ ਨਾ ਹੁੰਦਿਆਂ ਵੀ ਕਿਸਾਨ ਮੋਰਚੇ ਦੇ ਲੇਖੇ ਜਿੰਦ ਲਾਉਣ ਵਾਲੇ ਸ਼ੰਕਰਪੁਰ ਵਾਸੀ ਬਲਬੀਰ ਸਿੰਘ ਨਮਿਤ ਪਾਏ ਗਏ ਪਾਠ ਦੇ ਭੋਗ ਦੌਰਾਨ ਵੱਖ-ਵੱਖ ਸ਼ਖਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ ਵੀ ਪੀੜਤ ਪਰਿਵਾਰ ਨੂੰ ਸੌਂਪਿਆ ਗਿਆ। ਜਦਕਿ ਕਾਂਗਰਸੀ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਪਰਿਵਾਰ ਨੂੰ ਛੇਤੀ ਹੀ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਵਾਸੀਆਂ ਦੇ ਨਾਲ ਦਿੱਲੀ ਵਿਚਲੇ ਕਿਸਾਨ ਧਰਨੇ ’ਚ ਸ਼ਿਰਕਤ ਕਰਕੇ ਵਾਪਸ ਪਰਤੇ ਬਲਬੀਰ ਸਿੰਘ ਦੀ ਇਥੇ ਆ ਕੇ ਬਿਮਾਰ ਹੋਣ ਮਗਰੋਂ ਮੌਤ ਹੋ ਗਈ ਸੀ। ਉਸ ਨਮਿਤ ਸ਼ੰਕਰਪੁਰ ਵਿੱਚ ਹੀ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਘਨੌਰ ਦੀ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਬਲਾਕ ਸਮਿਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਭਾਰਤੀ ਕਿਸਾਨ ਯੁਨੀਆਨ ਪੰਜਾਬ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਆਦਿ ਮੌਜੂਦ ਸਨ।