ਨਵੀਂ ਦਿੱਲੀ: ਰੇਲ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਕਿਸਾਨ ਜੇ ਕੋਈ ਨਵੀਂ ਤਜਵੀਜ਼ ਲੈ ਕੇ ਆਉਂਦੇ ਹਨ ਤਾਂ ਸਰਕਾਰ ਕਿਸਾਨ ਯੂਨੀਅਨਾਂ ਨਾਲ ਮੁੜ ਗੱਲਬਾਤ ਕਰਨ ਲਈ ਤਿਆਰ ਹੈ। ਕੌਮੀ ਰਾਜਧਾਨੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਫ਼ਿਕਰਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੂਰੀ ਸਰਕਾਰ ਇਸ ਮੁੱਦੇ ਨੂੰ ਸੰਵਾਦ ਜ਼ਰੀਏ ਹੱਲ ਕਰਨ ਲਈ ਤਿਆਰ ਹੈ। ਕਿਸਾਨਾਂ ਨਾਲ ਹੁਣ ਤੱਕ 11 ਗੇੜਾਂ ਦੀ ਗੱਲਬਾਤ ਕਰਨ ਵਾਲੀ ਸਰਕਾਰ ਦੀ ਟੀਮ ਦਾ ਹਿੱਸਾ ਰਹੇ ਪਿਊਸ਼ ਗੋਇਲ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰ ਇਕ ਫੋਨ ਕਾਲ ਦੀ ਦੂਰੀ ’ਤੇ ਹੈ, ਪਰ ਗੱਲਬਾਤ ਲਈ ਜਾਂ ਅੱਗੇ ਵਧਣ ਲਈ ਕਿਸੇ ਨੂੰ ਤਾਂ ਫੋਨ ਕਰਨਾ ਹੋਵੇਗਾ। ਜੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਕੋਈ ਉਜਰ ਹੈ ਤਾਂ ਸਾਨੂੰ ਦੱਸਣ, ਸਰਕਾਰ ਇਨ੍ਹਾਂ ਨੂੰ ਦੂਰ ਕਰਨ ਲਈ ਤਿਆਰ ਹੈ।’ ਗੋਇਲ ਨੇ ਕਿਹਾ, ‘ਕਿਸਾਨ ਦੁਚਿੱਤੀ ਵਿੱਚ ਹੈ ਤੇ ਸਰਕਾਰ ਨੇ ਉਨ੍ਹਾਂ ਦੀ ਇਸੇ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਤਜਵੀਜ਼ ਰੱਖੀ ਸੀ। ਅਸੀਂ ‘ਇਕ ਤੋਂ ਬਾਅਦ ਇਕ ਤਜਵੀਜ਼’ ਦਿੱਤੀ ਹੈ। ਪਰ ਜਦੋਂ ਮੀਡੀਆ ਰਿਪੋਰਟਾਂ ਵਿੱਚ ‘ਤਰੀਕ ਪੇ ਤਰੀਕੇ’ ਸੁਣਦੇ ਹਾਂ, ਜੋ ਕਿ ਅਸਲ ਵਿੱਚ ਗ਼ਲਤ ਹੈ। ਇਸ ਦੀ ਥਾਂ ਕਿਹਾ ਜਾਣਾ ਚਾਹੀਦਾ ਸੀ ਕਿ ਸਰਕਾਰ ‘ਤਜਵੀਜ਼ ਤੇ ਤਜਵੀਜ਼’ ਦੇ ਰਹੀ ਹੈ।-ਆਈਏਐੱਨਐੱਸ