ਪਾਲ ਸਿੰਘ ਨੌਲੀ
ਜਲੰਧਰ, 15 ਸਤੰਬਰ
ਕਿਸਾਨਾਂ ਨੇ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਦੇ ਘਰ ਅੱਗੇ ਸੱਤ ਘੰਟਿਆਂ ਤੱਕ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਉਸ ਦਾ ਪੁਤਲਾ ਫੂਕਿਆ। ਕਿਸਾਨਾਂ ਨੂੰ ਡਾਂਗਾਂ ਮਾਰ ਕੇ ਅੰਦੋਲਨ ਵਾਲੀ ਥਾਂ ਤੋਂ ਉਠਾਉਣ ਵਾਲਾ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਭਾਜਪਾ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਘਰ ਅੱਗੇ ਕਿਸਾਨਾਂ ਨੇ ਗੋਹਾ ਸੁੱਟ ਕੇ ਧਰਨਾ ਸਮਾਪਤ ਕੀਤਾ। ਕਿਸਾਨ ‘ਛੋਟੇ ਹਾਥੀ’ ਵਿੱਚ ਗੋਹਾ ਲੱਦ ਕੇ ਲਿਆਏ ਸਨ ਤੇ ਉਨ੍ਹਾਂ ਨੇ ਜਿੱਥੇ ਕਾਹਲੋਂ ਦੇ ਘਰ ਦੀਆਂ ਕੰਧਾਂ ਤੇ ਗੋਹਾ ਸੁੱਟਿਆ ਉਥੇ ਉਸ ਦੇ ਘਰ ਅੰਦਰ ਵੀ ਗੋਹੇ ਦੇ ਬੁੱਕ ਭਰ-ਭਰ ਸੁੱਟੇ। ਭਾਜਪਾ ਬੁਲਾਰੇ ਕਾਹਲੋਂ ਨੇ ਕਿਸਾਨਾਂ ਨੂੰ ਇਹ ਚੁਣੌਤੀ ਦਿੱਤੀ ਸੀ ਕਿ ਜਿਹੜਾ ਉਸ ਦੇ ਘਰ ਗੋਹੇ ਦੀ ਟਰਾਲੀ ਸੁੱਟਣ ਆਏਗਾ, ਉਹ ਨਾਲ ਮੰਜਾ ਤੇ ਚਿੱਟੀ ਚਾਦਰ ਵੀ ਲੈ ਕੇ ਆਵੇ ਕਿਉਂਕਿ ਉਹ ਜਿਊਂਦਾ ਵਾਪਸ ਨਹੀਂ ਜਾਵੇਗਾ।
ਬੀਕੇਯੂ ਦੋਆਬਾ ਤੇ ਬੀਕੇਯੂ ਰਾਜੇਵਾਲ ਸਣੇ ਹੋਰ ਕਿਸਾਨ ਆਗੂਆਂ ਨੇ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਦੀ ਦਕੋਹਾ ਵਿਚਲੀ ਰਿਹਾਇਸ਼ ਅੱਗੇ ਦੁਪਹਿਰ ਦੋ ਵਜੇ ਦੇ ਕਰੀਬ ਧਰਨਾ ਲਾਇਆ, ਜਿਹੜਾ ਸ਼ਾਮ ਨੌ ਵਜੇ ਤੱਕ ਜਾਰੀ ਰਿਹਾ। ਕਿਸਾਨਾਂ ਵੱਲੋਂ ਪ੍ਰਗਟਾਏ ਜਾ ਰਹੇ ਗੁੱਸੇ ਨੂੰ ਦੇਖਦਿਆਂ ਕਮਿਸ਼ਨਰੇਟ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਪਰ ਕਿਸਾਨ ਭਾਜਪਾ ਆਗੂ ਦੇ ਘਰ ਅੱਗੇ ਪਹੁੰਚ ਗਏ ਤੇ ਗੇਟ ਅੱਗੇ ਉਨ੍ਹਾਂ ਦਾ ਪੁਤਲਾ ਟੰਗ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਲਾਏ ਧਰਨੇ ਕਾਰਨ ਹਰਿੰਦਰ ਸਿੰਘ ਕਾਹਲੋਂ ਨੂੰ ਘਰ ਵਿੱਚ ਹੀ ਰਹਿਣ ਲਈ ਮਜਬੂਰ ਹੋਣਾ ਪਿਆ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਜੰਡਿਆਲਾ ਅਤੇ ਬੀਕੇਯੂ ਦੋਆਬਾ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਭਾਜਪਾ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲੱਗੀ ਹੋਈ ਹੈ।
ਮਹਿਲਾ ਕਿਸਾਨ ਆਗੂ ਵੱਲੋਂ ਹਰਿੰਦਰ ਕਾਹਲੋਂ ਨੂੰ ਬਹਿਸ ਕਰਨ ਦਾ ਸੱਦਾ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਇਸਤਰੀ ਵਿੰਗ ਦੀ ਸਲਾਹਕਾਰ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਪੰਜਾਬ ਭਾਜਪਾ ਵਿੱਚ ਤਾਜ਼ਾ ਸ਼ਾਮਲ ਹੋਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਖ਼ਾਲਿਸਤਾਨੀ ਹਰਿੰਦਰ ਕਾਹਲੋਂ ਨੂੰ ਦੇਸ਼ ਦੇ ਅੰਨਦਾਤਿਆਂ ਨੂੰ ਡਾਂਗਾਂ ਨਾਲ ਕੁੱਟਣ ਤੋਂ ਪਹਿਲਾਂ ਦੂਜੀ ਵਾਰ ਜਨਮ ਲੈਣਾ ਪਵੇਗਾ। ਉਨ੍ਹਾਂ ਕਾਹਲੋਂ ਨੂੰ ਚੁਣੌਤੀ ਦਿੱਤੀ ਕਿ ਉਹ ਖੇਤੀ ਕਾਨੂੰਨਾਂ ’ਤੇ ਬਹਿਸ ਕਰਨ ਲਈ ਆਪਣੀ ਮਰਜ਼ੀ ਦਾ ਸਮਾਂ, ਸਥਾਨ ਅਤੇ ਦਿਨ ਦੱਸੇ, ਉਹ ਮੋਦੀ ਵੱਲੋਂ ਖੇਤੀ ਕਾਨੂੰਨ ਲਾਗੂ ਕਰਨ ਦੇ ਮਾੜੇ ਮਨਸੂਬੇ ਤੇ ਇਨ੍ਹਾਂ ਕਾਨੂੰਨਾਂ ਵਿਚਲੀਆਂ ਢੇਰ ਸਾਰੀਆਂ ਖਾਮੀਆਂ ਦੱਸ ਕੇ ਉਸ ਦੀਆਂ ਅੱਖਾਂ ਤੋਂ ‘ਕਾਲਾ ਮੋਤੀਆ’ ਵੀ ਲਾਹ ਦੇਣਗੇ। ਮਹਿਲਾ ਕਿਸਾਨ ਆਗੂ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਹਲੋਂ ਦਾ ਸਮਾਜਿਕ ਬਾਈਕਾਟ ਕਰ ਕੇ ਇਸ ਨਾਲ ਕੋਈ ਨਾਤਾ-ਰਿਸ਼ਤਾ ਨਾ ਰੱਖਣ।