ਬੀ.ਐੱਸ.ਚਾਨਾ
ਕੀਰਤਪੁਰ ਸਾਹਿਬ, 23 ਜਨਵਰੀ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਅਦਾਕਾਰ ਯੋਗਰਾਜ ਸਿੰਘ ਦੀ ਅਗਵਾਈ ਵਿੱਚ ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਨੱਕੀਆਂ ਟੌਲ ਪਲਾਜ਼ੇ ਉਤੇ ਇੱਕ ਟਰੈਕਟਰ ਰੈਲੀ ਕੱਢੀ। ਯੂਨੀਅਨ ਨੇ ਯੋਗਰਾਜ ਸਿੰਘ ਨੂੰ ਆਪਣਾ ਸਰਪ੍ਰਸਤ ਚੁਣਿਆ। ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਫਿਲਮੀ ਸਟਾਰ ਯੋਗਰਾਜ ਸਿੰਘ ਨੇ ਯੂਨੀਅਨ ਦਾ ਸੱਦਾ ਕਬੂਲ ਕਰਦਿਆਂ ਕਿਹਾ ਕਿ ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਹਮੇਸ਼ਾ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਲੀ ਟਰੈਕਟਰ ਪਰੇਡ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਪੂਰਾ ਦਿਨ ਅੱਜ ਇਸ ਟਰੈਕਟਰ ਰੈਲੀ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਦਿੱਲੀ ਜਾਣ ਲਈ ਉਤਸ਼ਾਹਿਤ ਕਰਨਗੇ।
ਇਹ ਰੈਲੀ ਨੱਕੀਆਂ ਟੌਲ ਪਲਾਜ਼ੇ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਨੰਗਲ, ਭਲਾਣ ਆਦਿ ਨੂੰ ਰਵਾਨਾ ਹੋਈ ਅਤੇ ਸ਼ਾਮ ਨੂੰ ਵਾਪਸ ਨੱਕੀਆਂ ਟੌਲ ਪਲਾਜ਼ੇ ’ਤੇ ਸਮਾਪਤ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਇਕੱਲੇ ਕਿਸਾਨ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਸੰਘਰਸ਼ ਹੈ। ਇਸ ਲਈ ਸਾਰਿਆਂ ਨੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਤਰਲੋਚਨ ਸਿੰਘ ਚੱਠਾ, ਸ਼ਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ ਭੜੀ, ਰਾਣਾ ਰਾਮ ਸਿੰਘ, ਮਾਸਟਰ ਹਰਦਿਆਲ ਸਿੰਘ ਆਦਿ ਹਾਜ਼ਰ ਸਨ।
ਨੰਗਲ (ਰਾਕੇਸ਼ ਸੈਣੀ): ਭਾਰਤੀ ਕਿਸਾਨ ਯੂਨੀਅਨ ਵੱਲੋਂ ਨਕੀਆਂ ਟੌਲ ਪਲਾਜ਼ੇ ਤੋਂ ਸ਼ੁਰੂ ਕੀਤਾ ਗਿਆ ਟਰੈਕਟਰ ਮਾਰਚ ਨੰਗਲ ਪਹੁੰਚਿਆ, ਜਿਸ ਨੂੰ ਦੇਖਣ ਲਈ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਵਾਲਾ ਸੀ। ਲਗਪਗ 250 ਦੇ ਕਰੀਬ ਟਰਕੈਟਰਾਂ ਨੇ ਇਸ ਮਾਰਚ ਵਿਚ ਹਿੱਸਾ ਲਿਆ ਜਿਸਦੀ ਅਗਵਾਈ ਫਿਲਮੀ ਕਲਾਕਰ ਯੋਗਰਾਜ ਸਿੰਘ ਕਰ ਰਹੇ ਸਨ। ਇਹ ਮਾਰਚ ਨੰਗਲ ਸ਼ਹਿਰ ਵਿਚ ਦਾਖਲ ਨਹੀ ਹੋਇਆ ਟਰੱਕ ਯੁਨੀਅਨ ਨੰਗਲ ਤੋਂ ਇਹ ਮਾਰਚ ਮੋਜਵਾਲ, ਭੱਟੋ, ਗੋਹਲਣੀ, ਨਾਨਗਰਾਂ, ਭਾਲਾਣ, ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਵਾਪਸ ਆਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਇਆ।