ਜੇ.ਬੀ. ਸੇਖੋਂ
ਗੜ੍ਹਸ਼ੰਕਰ, 1 ਜੁਲਾਈ
ਤਹਿਸੀਲ ਦੇ ਨੀਮ ਪਹਾੜੀ ਪਿੰਡ ਬੀਣੇਵਾਲ ਵਿੱਚ ਅੱਜ ਉਦੋਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਆਗੂਆਂ ਦਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਤੇ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਪੁਲੀਸ ਨੇ ਬੜੀ ਜੱਦੋ-ਜਹਿਦ ਕਰਕੇ ਭਾਜਪਾ ਆਗੂਆਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ।
ਜਾਣਕਾਰੀ ਅਨੁਸਾਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਅੱਜ ਨੀਮ ਪਹਾੜੀ ਪਿੰਡ ਬੀਣੇਵਾਲ ਵਿੱਚ ਸਥਿਤ ਧਾਰਮਿਕ ਅਸਥਾਨ ’ਤੇ ਰੁਕੇ ਸਨ। ਕਿਸਾਨਾਂ ਨੂੰ ਜਿਉਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗਰੀਬ ਦਾਸ ਬੀਟਨ, ਆਲ ਇੰਡੀਆ ਜੱਟ ਮਹਾਂਸਭਾ ਦੇ ਸਕੱਤਰ ਅਜਾਇਬ ਬੋਪਾਰਾਏ, ਸਮਿਤੀ ਮੈਂਬਰ ਮੋਹਨ ਲਾਲ, ਅਕਾਲੀ ਆਗੂ ਜਗਦੇਵ ਸਿੰਘ ਗੜੀ ਮਾਨਸੋਵਾਲ ਆਦਿ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਭਾਜਪਾ ਆਗੂਆਂ ਦੀ ਉਕਤ ਧਾਰਮਿਕ ਕੁਟੀਆ ਵਿੱਚੋਂ ਨਿਕਲਣ ਸਮੇਂ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਖੇਤੀ ਵਿਰੋਧੀ ਕਾਨੂੰਨ ਪਾਸ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਦੋਂ ਤੱਕ ਉਕਤ ਕਾਨੂੰਨ ਰੱਦ ਨਹੀਂ ਹੋ ਜਾਂਦੇ ਭਾਜਪਾ ਆਗੂਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਪੁਲੀਸ ਅਧਿਕਾਰੀਆਂ ਤੇ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ ਤੇ ਪੁਲੀਸ ਦੀ ਮਦਦ ਨਾਲ ਭਾਜਪਾ ਆਗੂਆਂ ਦੀਆਂ ਗੱਡੀਆਂ ਦਾ ਕਾਫਲਾ ਬੜੀ ਮੁਸ਼ਕਲ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਸਕਿਆ। ਇਸ ਮੌਕੇ ਸਮਿਤੀ ਮੈਂਬਰ ਕੁਲਭੂਸ਼ਣ ਕੁਮਾਰ, ਪ੍ਰਵੀਨ ਰਾਣਾ, ਦਵਿੰਦਰ ਦੇਬੀ ਸਰਪੰਚ ਟਿੱਬੀਆਂ, ਸਤੀਸ਼ ਸ਼ਰਮਾ, ਜੰਗ ਬਹਾਦਰ ਕਾਕੂ, ਜਸਵਿੰਦਰ ਸਿੰਘ, ਰਾਮ ਪਾਲ ਆਦਿ ਸਮੇਤ ਹੋਰ ਕਈ ਕਿਸਾਨ ਹਾਜ਼ਰ ਸਨ।
ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਪਰਤੇ ਘੁਬਾਇਆ
ਫਾਜ਼ਿਲਕਾ/ਮੰਡੀ ਘੁਬਾਇਆ/ਜਲਾਲਾਬਾਦ (ਪਰਮਜੀਤ ਸਿੰਘ/ਕੁਲਦੀਪ ਸਿੰਘ ਬਰਾੜ/ ਟੋਨੀ ਛਾਬੜਾ): ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਲਾਧੂਕਾ ’ਚ ਅੱਜ ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ। ਉਹ ਜਦੋਂ ਪਿੰਡ ’ਚ ਦਾਖ਼ਲ ਹੋਣ ਲੱਗੇ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਾਰਕੁਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ ਸਿਆਸੀ ਆਗੂਆਂ ਦੇ ਦਾਖ਼ਲੇ ’ਤੇ ਮਨਾਹੀ ਹੈ ਪਰ ਇਹ ਆਗੂ ਬਾਜ਼ ਨਹੀਂ ਆ ਰਹੇ ਹਨ। ਇਸ ਦੌਰਾਨ ਘੁਬਾਇਆ ਅਤੇ ਕਿਸਾਨਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ ਅਤੇ ਅਖੀਰ ’ਚ ਸਾਬਕਾ ਸੰਸਦ ਮੈਂਬਰ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੇ ਬਿਨਾਂ ਹੀ ਪਿੰਡ ਲਾਧੂਕਾ ਤੋਂ ਮੁੜਨਾ ਪਿਆ। ਕੁਝ ਦਿਨ ਪਹਿਲਾਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵਿਰੋਧ ਕੀਤਾ ਗਿਆ ਸੀ।
ਕਿਸਾਨਾਂ ਵੱਲੋਂ ਗੱਡੀ ਰੋਕੇ ਜਾਣ ’ਤੇ ਸ਼ੇਰ ਸਿੰਘ ਘੁਬਾਇਆ ਬਾਹਰ ਨਿਕਲੇ ਅਤੇ ਉਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲਬਾਤ ਬਹਿਸਬਾਜ਼ੀ ’ਚ ਤਬਦੀਲ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਸਾਬਕਾ ਸੰਸਦ ਮੈਂਬਰ ਨੂੰ ਕਿਹਾ ਕਿ ਹਜ਼ਾਰਾਂ ਕਿਸਾਨ ਪਿਛਲੇ 7 ਮਹੀਨਿਆਂ ਤੋਂ ਟੌਲ ਪਲਾਜ਼ਿਆਂ ਅਤੇ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹੋਏ ਹਨ ਪਰ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਵੀ ਸਿਆਸੀ ਆਗੂ ਨਹੀਂ ਪਹੁੰਚਿਆ, ਸਗੋਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਹਨ, ਤਾਂ ਇਹ ਲੋਕ ਆਪਣੀਆਂ ਰਿਸ਼ਤੇਦਾਰੀਆਂ ਲੱਭਣ ਲੱਗ ਪਏ ਹਨ। ਸ਼ੇਰ ਸਿੰਘ ਘੁਬਾਇਆ ਨੇ ਗੱਲ ਜ਼ਿਆਦਾ ਵਧਦੀ ਵੇਖ ਕੇ ਉਥੋਂ ਜਾਣਾ ਹੀ ਠੀਕ ਸਮਝਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਉਹ ਕਿਸੇ ਵੀ ਪਾਰਟੀ ਦੇ ਆਗੂ ਨੂੰ ਆਪਣੇ ਪਿੰਡ ਵਿੱਚ ਓਨੀ ਦੇਰ ਨਹੀਂ ਵੜਨ ਦੇਣਗੇ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਅਤੇ ਹੋਰ ਮੰਗਾਂ ਮੰਨ ਲਈਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਨੂੰ ਇਕੱਠੇ ਹੋ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਰਕਾਰ ਉਪਰ ਦਬਾਅ ਬਣਾਉਣਾ ਚਾਹੀਦਾ ਹੈ। ਜਦੋਂ ਇਸ ਸਬੰਧ ਵਿਚ ਸ਼ੇਰ ਸਿੰਘ ਘੁਬਾਇਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਿਰੋਧ ਪਿੱਛੇ ਸਾਬਕਾ ਜੰਗਲਾਤ ਮੰਤਰੀ ਹੰਸਰਾਜ ਜੋਸਨ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਜੋਸਨ ਹੁਣ ਪਾਰਟੀ ਬਦਲ ਚੁੱਕੇ ਹਨ ਜਿਸ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਰਾਹੀਂ ਉਨ੍ਹਾਂ ਦਾ ਵਿਰੋਧ ਕਰਵਾ ਰਹੇ ਹਨ। ਉਧਰ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਘੁਬਾਇਆ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਹਾ ਕਿ ਹੁਣ ਤਾਂ ਘੁਬਾਇਆ ਪਰਿਵਾਰ ਨੂੰ ਸੁਪਨੇ ਵਿੱਚ ਵੀ ਉਹ ਨਜ਼ਰ ਆਉਂਦੇ ਹਨ।