ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਨਵੰਬਰ
ਇੱਥੇ ਬੀਤੀ ਸ਼ਾਮ ਮਾਲ ਗੱਡੀ ਰਾਹੀਂ ਡੀਏਪੀ ਖਾਦ ਦੀਆਂ ਪੁੱਜੀਆਂ 32000 ਬੋਰੀਆਂ ਵਿੱਚੋਂ ਵੱਡੀ ਗਿਣਤੀ ਬੋਰੀਆਂ ਕਥਿਤ ਤੌਰ ’ਤੇ ਬਰਨਾਲਾ ਜ਼ਿਲ੍ਹੇ ਨੂੰ ਭੇਜੇ ਜਾਣ ਦੀ ਭਿਣਕ ਪੈਂਦਿਆਂ ਹੀ ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਖਾਦ ਦੇ ਭਰੇ ਟਰੱਕਾਂ ਤੇ ਮਾਲ ਗੱਡੀ ਦਾ ਘਿਰਾਓ ਕੀਤਾ। ਇਸ ਘਿਰਾਓ ਦਾ ਪਤਾ ਚੱਲਦਿਆਂ ਹੀ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ।
ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਤੇ ਅਮਰਜੀਤ ਸਿੰਘ ਰੋਹਣੋ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ ਨੇ ਕਿਹਾ ਕਿ ਡੀਏਪੀ ਦੀਆਂ 32000 ਬੋਰੀਆਂ ਬੀਤੀ ਸ਼ਾਮ ਮਾਲੇਰਕੋਟਲਾ ਦੇ ਰੇਲਵੇ ਸਟੇਸ਼ਨ ’ਤੇ ਪੁੱਜੀਆਂ ਸਨ। ਇਨ੍ਹਾਂ ਵਿੱਚੋਂ ਅੱਠ ਹਜ਼ਾਰ ਬੋਰੀਆਂ ਨਿੱਜੀ ਵਪਾਰੀਆਂ ਅਤੇ 18 ਹਜ਼ਾਰ ਬੋਰੀਆਂ ਜ਼ਿਲ੍ਹਾ ਮਾਲੇਰਕੋਟਲਾ ਅਤੇ ਛੇ ਹਜ਼ਾਰ ਬੋਰੀਆ ਜ਼ਿਲ੍ਹਾ ਬਰਨਾਲਾ ਲਈ ਅਲਾਟ ਹੋਈਆਂ ਸਨ। ਇਸ ਸਬੰਧੀ ਮਾਲੇਰਕੋਟਲਾ ਨਾਲ ਸਬੰਧਤ 42 ਸਹਿਕਾਰੀ ਸਭਾਵਾਂ ਨੂੰ ਖਾਦ ਦਾ ਕੋਟਾ ਅਲਾਟ ਹੋਇਆ ਸੀ।
ਕਿਸਾਨਾਂ ਨੇ ਦੋਸ਼ ਲਾਇਆ ਕਿ ਜ਼ਿਮਨੀ ਚੋਣ ਦਾ ਲਾਹਾ ਲੈਣ ਲਈ ਇਸ ਖਾਦ ਦਾ ਵੱਡਾ ਹਿੱਸਾ ਬਰਨਾਲਾ ਜ਼ਿਲ੍ਹੇ ਵਿੱਚ ਭੇਜਿਆ ਜਾ ਰਿਹਾ ਸੀ। ਇਸ ਦਾ ਪਤਾ ਚੱਲਦਿਆਂ ਹੀ ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਆ ਕੇ ਸੰਘਰਸ਼ ਵਿੱਢ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਇਸ ਖਾਦ ਵਿੱਚੋਂ ਜ਼ਿਲ੍ਹਾ ਮਾਲੇਰਕੋਟਲਾ ਦਾ ਬਣਦਾ ਹਿੱਸਾ ਨਹੀਂ ਮਿਲਦਾ, ਉਦੋਂ ਤੱਕ ਡੀਏਪੀ ਦੇ ਭਰੇ ਟਰੱਕ ਨਹੀਂ ਛੱਡੇ ਜਾਣਗੇ। ਕਿਸਾਨਾਂ ਦੇ ਰੌਂਅ ਨੂੰ ਦੇਖਦਿਆਂ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਅਤੇ ਡੀਐੱਸਪੀ ਕੁਲਦੀਪ ਸਿੰਘ ਨੇ ਮਸਲੇ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਹਾਲਾਂਕਿ ਕਿਸਾਨ ਆਗੂ ਜ਼ਿਲ੍ਹਾ ਮਾਲੇਰਕੋਟਲਾ ਲਈ ਬਣਦਾ ਹਿੱਸਾ ਲੈਣ ’ਤੇ ਅੜੇ ਰਹੇ। ਅਖ਼ੀਰ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਹੋਈ ਚੌਥੇ ਗੇੜ ਦੀ ਮੀਟਿੰਗ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨੂੰ 16,500 ਬੋਰੀਆਂ ਦੇਣ ’ਤੇ ਸਹਿਮਤੀ ਬਣ ਗਈ।