ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਈ
ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਭਲਕੇ ‘ਕਾਲਾ ਦਿਨ’ ਮਨਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਵਰਗਾਂ ਨੂੰ ਭਲਕੇ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020, ਪਰਾਲੀ ਆਰਡੀਨੈਂਸ ਤੇ ਮੋਦੀ ਸਰਕਾਰ ਦੇ ਪੁਤਲੇ ਸਾੜਨ ਅਤੇ ਘਰਾਂ, ਦੁਕਾਨਾਂ, ਦਫ਼ਤਰਾਂ ਤੇ ਵਾਹਨਾਂ ਉੱਪਰ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕਰਨ ਦਾ ਸੱਦਾ ਦਿੱਤਾ।
ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਸਾਹਿਤਕਾਰਾਂ, ਰੰਗਕਰਮੀਆਂ, ਟਰਾਂਂਸਪੋਰਟਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਨੂੰ ਭਲਕੇ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੁਰਸ਼ ਕਾਲੀਆਂ ਪੱਗਾਂ ਬੰਨ੍ਹ ਕੇ ਅਤੇ ਮਹਿਲਾਵਾਂ ਕਾਲੀਆਂ ਚੁੰਨੀਆਂ ਲੈ ਕੇ ਪੱਕੇ ਧਰਨਿਆਂ ’ਚ ਸ਼ਮੂਲੀਅਤ ਕਰਨ। ਚੌਕਾਂਂ ਵਿੱਚ ਨਾਅਰਿਆਂ ਵਾਲੇ ਫਲੈਕਸ ਲੈ ਕੇ ਪ੍ਰਦਰਸ਼ਨ ਕੀਤੇ ਜਾਣ। ਇਸੇ ਦੌਰਾਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ 237ਵੇਂ ਦਿਨ ਵੀ ਜਾਰੀ ਰਹੇ।
ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਆਗੂਆਂ ਨੇ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਪਿਛਲੇ 7 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਵਧੀ ਹੈ। ਵੱਡੀ ਗਿਣਤੀ ਵਿੱਚ ਹੋਈਆਂ ਅਤੇ ਹੋ ਰਹੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਸਲ ਵਿੱਚ ਅਮੀਰਾਂ ਨੂੰ ਹੋਰ ਅਮੀਰ ਤੇ ਗ਼ਰੀਬਾਂ ਨੂੰ ਹੋਰ ਗ਼ਰੀਬ ਬਣਾ ਰਹੀ ਵਿਵਸਥਾ ਵੱਲੋਂ ਕੀਤੇ ਗਏ ਕਤਲ ਹਨ। ਖੇਤੀਬਾੜੀ ਸਬੰਧੀ ਗ਼ਲਤ ਸਰਕਾਰੀ ਨੀਤੀਆਂ ਕਾਰਨ ਪਿਛਲੇ ਕੁਝ ਅਰਸੇ ਤੋਂ ਲੱਖਾਂ ਛੋਟੇ ਕਿਸਾਨ ਆਪਣੀ ਜ਼ਮੀਨ ਗਵਾ ਬੈਠੇ ਹਨ ਅਤੇ ਬੜੀ ਤੇਜ਼ੀ ਨਾਲ ਇਹ ਅਮਲ ਜਾਰੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਪਾਸ ਕਰਵਾ ਕੇ ਪੂੰਜੀਪਤੀਆਂ ਦੀ ਮਨਸ਼ਾ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਹੈ। ਉਹ ਜਿੱਥੇ 135 ਕਰੋੜ ਲੋਕਾਂ ਦੀਆਂ ਖੁਰਾਕੀ ਵਸਤਾਂ ਦੀਆਂ ਲੋੜਾਂ ਦੇ ਬਾਜ਼ਾਰ ਨੂੰ ਵੱਡੇ ਮੁਨਾਫ਼ੇ ਵਾਲੇ ਸੌਦੇ ਵਜੋਂ ਵੇਖ ਰਹੇ ਹਨ, ਉੱਥੇ ਹੀ ਕੁਝ ਹੋਰ ਅਰਬ ਦੇਸ਼ਾਂ ਦੇ ਲੋਕਾਂ ਦੀਆਂ ਅਨਾਜ ਦੀਆਂ ਲੋੜਾਂ ਦੇ ਬਾਜ਼ਾਰ ਨੂੰ ਵੀ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨ ਡਰ ਅਤੇ ਸਹਿਮ ਪੈਦਾ ਕਰਨ ਦਾ ਜ਼ਰੀਆ ਨਹੀਂ ਹੋਣੇ ਚਾਹੀਦੇ। ਇਸ ਲਈ ਸਰਕਾਰ ਨੂੰ ਛੇਤੀ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਇਸੇ ਦੌਰਾਨ ਪੰਜਾਬ ਵਿੱਚੋਂ ਕਿਸਾਨਾਂ ਦੇ ਕਾਫ਼ਲਿਆਂ ਦਾ ਲਗਾਤਾਰ ਸਿੰਘੂ ਅਤੇ ਟਿਕਰੀ ਮੋਰਚਿਆਂ ’ਤੇ ਜਾਣਾ ਜਾਰੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਫਾਜ਼ਿਲਕਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜ਼ਿਲ੍ਹਿਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਦਰਜਨਾਂ ਜਥੇ ਦਿੱਲੀ ਲਈ ਰਵਾਨਾ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮਾੜੀਆਂ ਸਿਹਤ ਸਹੂਲਤਾਂ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਜਾਵੇਗਾ।
‘ਕਾਲਾ ਦਿਨ’ ਮਨਾਉਣ ਦੀ ਥਾਂ ਰੋਸ ਪ੍ਰਦਰਸ਼ਨ ਕੀਤਾ ਜਾਵੇ: ਚੜੂਨੀ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਭਲਕੇ ਕਿਸਾਨ ਜਥੇਬੰਦੀਆਂ ਵੱਲੋਂ ਮਨਾਏ ਜਾਣ ਵਾਲੇ ‘ਕਾਲੇ ਦਿਨ’ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਹਰਿਆਣਾ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਇੱਕ ਵੀਡੀਓ ਜਾਰੀ ਕਰ ਕੇ ਕਿਸਾਨ ਜਥੇਬੰਦੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਭਲਕੇ 26 ਮਈ ਨੂੰ ਕਾਲਾ ਦਿਨ ਮਨਾਉਣ ਦੀ ਥਾਂ ਰੋਸ ਪ੍ਰਦਰਸ਼ਨ ਕੀਤੇ ਜਾਣ। ਸ੍ਰੀ ਚੜੂਨੀ ਨੇ ਕਿਹਾ ਕਿ ਭਲਕੇ ਮਹਾਤਮਾ ਬੁੱਧ ਦਾ ਜਨਮ ਦਿਹਾੜਾ ਹੈ। ਬੋਧੀ ਸੰਗਠਨ ਦੇ ਨੁਮਾਇੰਦੇ ਸੰਯੁਕਤ ਮੋਰਚੇ ਕੋਲ ਆਏ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਮਹਾਤਮਾ ਬੁੱਧ ਦੇ ਜਨਮ ਦਿਨ ਕਾਰਨ ਭਲਕੇ ਕਾਲਾ ਦਿਨ ਨਾ ਮਨਾਇਆ ਜਾਵੇ। ਇਸ ਲਈ ਮੋਰਚੇ ਦੇ ਫ਼ੈਸਲੇ ਅਨੁਸਾਰ ਬੋਧੀ ਸਮਾਜ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਭਲਕੇ ਸਿਰਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇ। ਸਾਰੇ ਮੰਚਾਂ ’ਤੇ ਮਹਾਤਮਾ ਬੁੱਧ ਦਾ ਜਨਮ ਦਿਨ ਮਨਾਇਆ ਜਾਵੇ ਅਤੇ ਮਹਾਤਮਾ ਬੁੱਧ ਦੀ ਮੂਰਤੀ ’ਤੇ ਫੁੱਲ ਚੜ੍ਹਾਉਣ ਮਗਰੋਂ ਕਾਲੇ ਝੰਡੇ ਦਿਖਾਉਣ ਤੇ ਪੁਤਲੇ ਫੂਕਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ। ਪਿੰਡ ਪਿੰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣ ਤੇ ਘਰਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਾਏ ਜਾਣ। ਉਧਰ, ਅੰਬਾਲਾ ਦੇ ਸ਼ੰਭੂ ਟੌਲ ਪਲਾਜ਼ਾ ’ਤੇ ਭਲਕੇ ਦੇ ਰੋਸ ਪ੍ਰਦਰਸ਼ਨ ਲਈ ਕਿਸਾਨ ਤਿਆਰ ਹਨ। ਕਿਸਾਨਾਂ ਦੀਆਂ ਟੋਲੀਆਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਭਲਕ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਸ਼ੰਭੂ ਟੌਲ ਪਲਾਜ਼ਾ ’ਤੇ ਬੈਠੇ ਹਨ ਅਤੇ ਜਦੋਂ ਤੱਕ ਸਰਕਾਰ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਮੁਹਿੰਮ ਚਲਾਉਣਗੇ।