ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਭਖਾਉਣ ਦੇ ਦਿੱਤੇ ਸੱਦਿਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਦੋਵਾਂ ਜਥੇਬੰਦੀਆਂ ਵੱਲੋਂ ਆਜ਼ਾਦਾਨਾ ਐਕਸ਼ਨ ਕੀਤੇ ਜਾਣਗੇ। ਇਨ੍ਹਾਂ ਐਕਸ਼ਨਾਂ ਰਾਹੀਂ ਮੁਲਕ ਭਰ ਦੇ ਕਿਸਾਨਾਂ ਦੀ ਏਕਤਾ ਨੂੰ ਉਭਾਰਿਆ ਜਾਵੇਗਾ। ਜਥੇਬੰਦੀਆਂ ਦੇ ਸੂਬਾਈ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਤੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ 25, 26 ਤੇ 27 ਦਸੰਬਰ ਨੂੰ ਹਰਿਆਣਾ ਦੇ ਟੌਲ ਪਲਾਜ਼ੇ ਫ੍ਰੀ ਕਰਨ ਦੇ ਸੱਦੇ ਤਹਿਤ ਸੂਬੇ ਦੇ ਕਿਸਾਨਾਂ ਨੂੰ ਡਟਵਾਂ ਸਹਿਯੋਗ ਦਿੱਤਾ ਜਾਵੇਗਾ। ਇਸੇ ਤਰ੍ਹਾਂ ਐੱਨਡੀਏ ਸਹਿਯੋਗੀਆਂ ਦੇ ਘਿਰਾਓ ਐਕਸ਼ਨਾਂ ਲਈ ਵੀ ਹਰਿਆਣਾ ’ਚ ਲਾਮਬੰਦੀ ਕੀਤੀ ਜਾਵੇਗੀ। ਆਗੂਆਂ ਨੇ 26-27 ਤਰੀਕ ਨੂੰ ਵਿਦੇਸ਼ੀ ਦੂਤਾਵਾਸਾਂ ਅੱਗੇ ਰੋਸ ਪ੍ਰਗਟਾਉਣ ਦੇ ਸੱਦੇ ਦੀ ਵੀ ਹਮਾਇਤ ਕੀਤੀ।