ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਦਸੰਬਰ
ਹਵਾਰਾ ਕਮੇਟੀ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਸਿੱਖ ਕੌਮ ਕਿਸਾਨ ਸੰਘਰਸ਼ ਦੀ ਸਫ਼ਲਤਾ ਲਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲਵੇ। ਇਹ ਸੰਦੇਸ਼ ਹਵਾਰਾ ਕਮੇਟੀ ਦੇ ਆਗੂ ਅਮਰ ਸਿੰਘ ਚਾਹਲ, ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਭਾਈ ਸਤਨਾਮ ਸਿੰਘ ਝੰਬੀਆਂ, ਭਾਈ ਤਰਲੋਕ ਸਿੰਘ ਤੇ ਹੋਰਨਾਂ ਵੱਲੋਂ ਜਾਰੀ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰੇਰਣਾ ਦਾ ਸੋਮਾ ਹੁੰਦੀਆਂ ਹਨ, ਜੋ ਕੌਮ ਦੇ ਭਵਿੱਖ ਦੀ ਸਿਰਜਣਾ ਲਈ ਮਾਰਗ ਦਰਸ਼ਕ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਾਰਸ ਅਨਿਆਂ ਖ਼ਿਲਾਫ਼ ਜੰਗ ਨੂੰ ਕਦੇ ਅੱਧ ਵਿਚਾਲੇ ਨਹੀਂ ਛੱਡਦੇ। ਉਨ੍ਹਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਅੰਦੋਲਨ ਵਿੱਚ ਹਰ ਪੰਜਾਬੀ ਘੱਟੋ-ਘੱਟ ਇਕ ਵਾਰ ਹਾਜ਼ਰੀ ਜ਼ਰੂਰ ਭਰੇ।