ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਅਪਰੈਲ
ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪਰ ਵਾਅਦਾ ਵਫਾ ਨਾ ਹੋਣ ਕਾਰਨ ਅੱਜ ਵੱਡੀ ਗਿਣਤੀ ਕਿਸਾਨ ਡਿਫਾਲਟਰ ਹੋ ਗਏ ਹਨ। ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਨੇ ਸਾਰੇ ਬੈਂਕਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ 5 ਏਕੜ ਤੱਕ ਦੇ ਮਾਲਕੀ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਅਤੇ ਨੈਸ਼ਨਲ ਬੈਂਕਾਂ ’ਚ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਸਭ ਤੋਂ ਮਾੜੀ ਹਾਲਤ ਇਸ ਸਮੇਂ ਪੰਜਾਬ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਦੇ ਰਹੇ ਅਤੇ ਫਿਰ ਸਰਕਾਰ ਦੇ ਆਖਰੀ ਚਾਰ ਮਹੀਨੇ ਚਰਨਜੀਤ ਸਿੰਘ ਚੰਨੀ ਨੇ ਵੀ ਅਜਿਹਾ ਐਲਾਨ ਕੀਤਾ, ਜਿਸ ਕਰਕੇ ਬੈਂਕਾਂ ਦੇ ਕਰਜ਼ਦਾਰਾਂ ਨੇ ਕਿਸ਼ਤਾਂ ਅਦਾ ਨਾ ਕੀਤੀਆਂ। ਕਾਂਗਰਸ ਸਰਕਾਰ ਆਪਣੇ ਪੰਜ ਸਾਲ ਪੂਰੇ ਕਰ ਗਈ ਪਰ ਖੇਤੀਬਾੜੀ ਵਿਕਾਸ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਪੱਲੇ ਕੁਝ ਨਹੀਂ ਪਿਆ, ਉਹ ਸਰਕਾਰ ਦੀ ਕਰਜ਼ ਮੁਆਫ਼ੀ ਦੇ ਭਰੋਸੇ ਰਹਿ ਕੇ ਡਿਫਾਲਟਰ ਹੋ ਗਏ। ਮਾਛੀਵਾੜਾ ਖੇਤੀਬਾੜੀ ਵਿਕਾਸ ਬੈਂਕ ’ਚੋਂ ਕਰਜ਼ਾ ਲੈਣ ਵਾਲੇ 360 ਕਿਸਾਨਾਂ ’ਚੋਂ 240 ਡਿਫਾਲਟਰ ਹਨ।
ਖੇਤੀਬਾੜੀ ਵਿਕਾਸ ਬੈਂਕ ਤੋਂ ਕਰਜ਼ਾ ਲੈਣ ਵਾਲੇ ਕਿਸਾਨ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਸਾਰੇ ਬੈਂਕਾਂ ਦਾ ਕਰਜ਼ਾ ਮੁਆਫ਼ ਹੋ ਜਾਵੇਗਾ, ਜਿਸ ਤੋਂ ਬਾਅਦ ਉਸ ਨੇ ਕਿਸ਼ਤ ਭਰਨੀ ਕਰਨੀ ਬੰਦ ਕਰ ਦਿੱਤੀ ਤੇ ਹੁਣ ਉਹ ਬੈਂਕ ਦਾ ਡਿਫਾਲਟਰ ਹੋ ਗਿਆ ਹੈ। ਇਸੇ ਤਰ੍ਹਾਂ ਕਿਸਾਨ ਜਸਵੀਰ ਸਿੰਘ ਨੇ ਕਿਹਾ ਕਿ ਸਰਕਾਰਾਂ ਦੇ ਝੂਠੇ ਲਾਰਿਆਂ ਤੇ ਖੇਤੀ ਵਿਚ ਪੈ ਰਹੇ ਲਗਾਤਾਰ ਘਾਟਿਆਂ ਕਾਰਨ ਉਹ ਕਰਜ਼ਈ ਹੋ ਰਹੇ ਹਨ। ਜੇ ਹੁਣ ਵਾਲੀ ਸਰਕਾਰ ਨੇ ਵੀ ਕਰਜ਼ਾ ਮੁਆਫ਼ ਨਾ ਕੀਤਾ ਤਾਂ ਉਨ੍ਹਾਂ ਨੂੰ ਜ਼ਮੀਨ ਵੇਚ ਕੇ ਮਜ਼ਦੂਰੀ ਜਾਂ ਖੁਦਕੁਸ਼ੀ ਦੇ ਰਾਹ ਪੈਣਾ ਪਵੇਗਾ।
ਖੇਤੀਬਾੜੀ ਵਿਕਾਸ ਬੈਂਕ ਨੂੰ ਵੀ ਪਿਆ ਘਾਟਾ
ਖੇਤੀਬਾੜੀ ਵਿਕਾਸ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਦੋਂ ਵੀ ਕਿਸਾਨਾਂ ਕੋਲ ਕਰਜ਼ਾ ਵਸੂਲੀ ਲਈ ਜਾਂਦੇ ਸਨ ਤਾਂ ਉਹ ਇਹੀ ਜਵਾਬ ਦਿੰਦੇ ਸਨ ਕਿ ਉਨ੍ਹਾਂ ਦਾ ਕਰਜ਼ਾ ਸਰਕਾਰ ਨੇ ਮੁਆਫ਼ ਕਰ ਦੇਣਾ ਹੈ, ਜਿਸ ਲਈ ਉਹ ਅਦਾਇਗੀ ਨਹੀਂ ਕਰਨਗੇ। ਸਰਕਾਰ ਦੇ ਲਾਰਿਆਂ ਕਾਰਨ ਜਿੱਥੇ ਕਿਸਾਨ ਡਿਫਾਲਟਰ ਹੋਏ, ਉੱਥੇ ਬੈਂਕ ਨੂੰ ਵੀ ਕਾਫ਼ੀ ਆਰਥਿਕ ਘਾਟਾ ਪੈ ਰਿਹਾ ਹੈ, ਜਿਸ ਕਾਰਨ ਖੇਤੀਬਾੜੀ ਵਿਕਾਸ ਬੈਂਕ ਹੁਣ ਵੱਖ-ਵੱਖ ਯੋਜਨਾਵਾਂ ਤਹਿਤ ਨਵੇਂ ਕਿਸਾਨਾਂ ਨੂੰ ਕਰਜ਼ਾ ਵੀ ਨਹੀਂ ਦੇ ਰਿਹਾ।