ਗਗਨਦੀਪ ਅਰੋੜਾ
ਲੁਧਿਆਣਾ, 18 ਦਸੰਬਰ
ਸਨਅਤੀ ਸ਼ਹਿਰ ’ਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਕਿਹਾ ਕਿ ਜਦੋਂ ਤੱਕ ਟੌਲ ਟੈਕਸ ਦੀਆਂ ਵਧੀਆ ਦਰਾਂ ਵਾਪਸ ਨਹੀਂ ਹੁੰਦੀਆਂ, ਉਦੋਂ ਤੱਕ ਟੌਲ ਨਹੀਂ ਚੱਲਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਆਮ ਲੋਕਾਂ ਦਾ ਕਿਸਾਨਾਂ ਨੂੰ ਕਾਫ਼ੀ ਸਾਥ ਮਿਲਿਆ ਹੈ। ਇਸ ਲਈ ਉਹ ਨਹੀਂ ਚਾਹੁੰਦੇ ਕਿ ਵਧੀਆਂ ਦਰਾਂ ਦਾ ਆਮ ਲੋਕਾਂ ਦੀ ਜੇਬ ’ਤੇ ਅਸਰ ਪਵੇ। ਰਾਜੇਵਾਲ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਬਲਵੀਰ ਸਿੰਘ ਰਾਜੇਵਾਲ ਨੇ ਅੱਜ ਸਵੇਰੇ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ’ਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨਾਲ ਮੁਲਾਕਾਤ ਕਰ ਕੇ ਕਿਸਾਨ ਅੰਦੋਲਨ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ।
ਆਮ ਆਦਮੀ ਪਾਰਟੀ ਵੱਲੋਂ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦੀਆਂ ਚਰਚਾਵਾਂ ਬਾਰੇ ਪੁੱਛੇ ਜਾਣ ’ਤੇ ਕਿਸਾਨ ਆਗੂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਹੋਈ ਹੈ ਅਤੇ ਨਾ ਹੀ ਉਹ ‘ਆਪ’ ਨਾਲ ਸੰਪਰਕ ’ਚ ਹਨ। ਉਨ੍ਹਾਂਂ ਕਿਹਾ ਕਿ ਹਾਲੇ ਰਾਜਨੀਤੀ ’ਚ ਆਉਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ। ਰਾਜੇਵਾਲ ਨੇ ਕਿਹਾ ਕਿ ਚੋਣਾਂ ’ਚ ਭਾਜਪਾ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਟਿੱਪਣੀ ਦਾ ਵੀ ਕੋਈ ਜਵਾਬ ਨਹੀਂ ਦਿੱਤਾ।