ਚਰਨਜੀਤ ਭੁੱਲਰ
ਚੰਡੀਗੜ੍ਹ, 5 ਨਵੰਬਰ
ਪੰਜਾਬ ਦੇ ਕਿਸਾਨਾਂ ਨੂੰ ਐਤਕੀਂ ਵੱਧ ਤੋਂ ਵੱਧ ਇੱਕ ਏਕੜ ਲਈ ਹੀ ਕਣਕ ਦਾ ਸਬਸਿਡੀ ਵਾਲਾ ਬੀਜ ਮਿਲੇਗਾ ਜੋ ਪਹਿਲਾਂ ਪ੍ਰਤੀ ਕਿਸਾਨ ਵੱਧ ਤੋਂ ਵੱਧ ਪੰਜ ਏਕੜ ਲਈ ਦਿੱਤਾ ਜਾਂਦਾ ਸੀ। ਕੇਂਦਰ ਸਰਕਾਰ ਨੇ ਕਣਕ ਦੇ ਬੀਜ ’ਤੇ ਸਬਸਿਡੀ ਦੇਣ ਦੀ ਨੀਤੀ ਵਿਚ ਬਦਲਾਅ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਕਣਕ ਦਾ ਬੀਜ ਵੱਧ ਤੋਂ ਵੱਧ ਇੱਕ ਏਕੜ ਰਕਬੇ ਲਈ ਹੀ ਮਿਲੇਗਾ। ਪੰਜਾਬ ਵਿਚ ਹੁਣ ਤੱਕ 8.7 ਫ਼ੀਸਦੀ ਰਕਬੇ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ 15 ਨਵੰਬਰ ਤੱਕ ਦੇ ਸਮੇਂ ਨੂੰ ਬਿਜਾਈ ਲਈ ਢੁਕਵਾਂ ਦੱਸਿਆ ਜਾਂਦਾ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਸਿਧਾਂਤਕ ਤੌਰ ’ਤੇ ਸਬਸਿਡੀ ਵਾਲੇ ਬੀਜ ਲਈ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਨੀਤੀ ਤਹਿਤ ਸੂਬੇ ਵਿਚ ਸਬਸਿਡੀ ਵਾਲੇ ਬੀਜ ਦੇ ਲਾਭਪਾਤਰੀਆਂ ਦੀ ਗਿਣਤੀ ਵਧੇਗੀ, ਪਰ ਉਨ੍ਹਾਂ ਨੂੰ ਸਿਰਫ਼ ਇੱਕ ਏਕੜ ਲਈ ਹੀ ਇਹ ਬੀਜ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਨੂੰ ਸਬਸਿਡੀ ਵਾਲੇ ਬੀਜ ਦੀ ਮਿਲਣ ਵਾਲੀ ਮਿਕਦਾਰ (ਦੋ ਲੱਖ ਕੁਇੰਟਲ) ਵਿਚ ਕੋਈ ਕਟੌਤੀ ਨਹੀਂ ਹੋਵੇਗੀ। ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਬੀਜ ਦੇ ਲਾਗਤ ਖ਼ਰਚੇ ਵਧਣਗੇ ਕਿਉਂਕਿ ਉਨ੍ਹਾਂ ਨੂੰ ਬੀਜ ਦੀ ਪੂਰਤੀ ਮਾਰਕੀਟ ’ਚੋਂ ਕਰਨੀ ਪਵੇਗੀ। ਬਾਜ਼ਾਰ ਵਿਚ ਕਣਕ ਦਾ ਬੀਜ 3250 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਦੀ ਸਬਸਿਡੀ ਵਾਲੇ ਬੀਜ ਲਈ ਚੋਣ ਹੁੰਦੀ ਸੀ, ਉਨ੍ਹਾਂ ਨੂੰ ਵੱਧ ਤੋਂ ਵੱਧ ਦੋ ਕੁਇੰਟਲ ਬੀਜ ਮਿਲਦਾ ਸੀ ਅਤੇ ਇਹ ਬੀਜ ਮਾਰਕੀਟ ਰੇਟ ਨਾਲੋਂ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਮਿਲਦਾ ਸੀ। ਪਿਛਲੀ ਕਾਂਗਰਸ ਸਰਕਾਰ ਸਮੇਂ ਵੀ ਕਦੇ ਕਿਸਾਨਾਂ ਨੂੰ ਵੇਲੇ ਸਿਰ ਸਬਸਿਡੀ ਵਾਲਾ ਬੀਜ ਨਹੀਂ ਮਿਲਿਆ ਸੀ।
ਰਾਸ਼ਟਰੀ ਖ਼ੁਰਾਕ ਸੁਰੱਖਿਆ ਮਿਸ਼ਨ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪ੍ਰਮਾਣਿਤ ਬੀਜਾਂ ’ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ’ਚ 60 ਫ਼ੀਸਦੀ ਸਬਸਿਡੀ ਦੀ ਲਾਗਤ ਕੇਂਦਰ ਅਤੇ ਬਾਕੀ 40 ਫ਼ੀਸਦੀ ਹਿੱਸੇਦਾਰੀ ਸੂਬਾ ਸਰਕਾਰ ਦੀ ਰਹਿੰਦੀ ਹੈ। ਲੰਘੇ ਜੁਲਾਈ ਮਹੀਨੇ ਵਿਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਣਕ ਦੀ ਸਬਸਿਡੀ ਲਈ 20 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਕਣਕ ਦੀ ਬਿਜਾਈ ਪੱਛੜਨ ਦੇ ਆਸਾਰ
ਐਤਕੀਂ ਤਕਰੀਬਨ 35 ਲੱਖ ਹੈਕਟੇਅਰ ਰਕਬਾ ਕਣਕ ਦੀ ਕਾਸ਼ਤ ਹੇਠ ਆਉਣ ਦਾ ਅਨੁਮਾਨ ਹੈ ਅਤੇ ਕਣਕ ਦੀ ਬਿਜਾਈ ਇਸ ਵਾਰ ਪਛੜ ਸਕਦੀ ਹੈ ਕਿਉਂਕਿ ਝੋਨੇ ਦੀ ਵਾਢੀ ਹਾਲੇ ਵੀ 29 ਫ਼ੀਸਦੀ ਬਾਕੀ ਪਈ ਹੈ। ਮੌਜੂਦਾ ਕਣਕ ਦੇ ਸੀਜ਼ਨ ਲਈ 35 ਲੱਖ ਕੁਇੰਟਲ ਬੀਜ ਦੀ ਲੋੜ ਹੈ ਜਿਸ ’ਚੋਂ ਸਿਰਫ਼ ਦੋ ਲੱਖ ਕੁਇੰਟਲ ਬੀਜ ਹੀ ਸਬਸਿਡੀ ’ਤੇ ਦਿੱਤਾ ਜਾਂਦਾ ਹੈ। ਸੂਬੇ ’ਚ ਪਿਛਲੇ ਹਫ਼ਤੇ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਸੀ। ਕਿਸਾਨਾਂ ਨੂੰ ਸਬਸਿਡੀ ਵਾਲਾ ਬੀਜ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਉਪਲਬਧ ਕਰਵਾਇਆ ਜਾਂਦਾ ਹੈ। ਕੇਂਦਰ ਵੱਲੋਂ ਐਤਕੀਂ ਸਬਸਿਡੀ ਵਾਲੇ ਬੀਜ ਬਾਰੇ ਕੋਈ ਪੱਲਾ ਨਹੀਂ ਫੜਾਇਆ ਗਿਆ ਸੀ ਜਿਸ ਕਰਕੇ ਅਜੇ ਤੱਕ ਭੰਬਲਭੂਸਾ ਬਣਿਆ ਹੋਇਆ ਸੀ। ਸਬਸਿਡੀ ਵਾਲਾ ਬੀਜ ਸਿਰਫ਼ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਹੀ ਦਿੱਤਾ ਜਾਂਦਾ ਹੈ। ਨਵੀਂ ਨੀਤੀ ਤਹਿਤ ਹੁਣ ਕਿਸਾਨਾਂ ਦੀ ਗਿਣਤੀ ਵਧ ਜਾਵੇਗੀ ਪ੍ਰੰਤੂ ਬੀਜ ਦੀ ਵੰਡ ਪੁਰਾਣੀ ਵਾਂਗ ਹੀ ਰਹੇਗੀ।
ਮਸਲਾ ਕੇਂਦਰੀ ਮੰਤਰੀ ਕੋਲ ਰੱਖਿਆ ਸੀ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਣਕ ਦੀ ਸਬਸਿਡੀ ਵਾਲੇ ਬੀਜ ਦਾ ਮਾਮਲਾ ਕੇਂਦਰੀ ਖੇਤੀ ਮੰਤਰੀ ਕੋਲ ਉਠਾਇਆ ਗਿਆ ਸੀ ਅਤੇ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਸਬਸਿਡੀ ਵਾਲੇ ਬੀਜ ਲਈ ਰਸਮੀ ਸਹਿਮਤੀ ਦੇ ਦਿੱਤੀ ਹੈ ਅਤੇ ਖੇਤੀ ਮਹਿਕਮਾ ਹੁਣ ਫ਼ਸਲ ਦੀ ਬਿਜਾਈ ਕਰਨ ਵਾਲੇ ਯੋਗ ਕਿਸਾਨਾਂ ਨੂੰ ਆਖ ਰਿਹਾ ਹੈ ਕਿ ਉਹ ਕਣਕ ਦੀ ਖ਼ਰੀਦ ਦਾ ਬਿੱਲ ਆਪਣੇ ਕੋਲ ਰੱਖਣ ਤਾਂ ਜੋ ਪ੍ਰਤੀ ਕਿਸਾਨ ਇੱਕ ਏਕੜ ਦੇ ਬੀਜ ਦੀ ਸਬਸਿਡੀ ਦੀ ਅਦਾਇਗੀ ਬਾਅਦ ਵਿਚ ਕੀਤੀ ਜਾ ਸਕੇ।