ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 6 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਨਿਸ਼ਚਤ ਸਮੇਂ ਅਨੁਸਾਰ ਮੌੜ ਚੌਕ ਰਾਮਪੁਰਾ ਫੂਲ ਵਿੱਚ ਬਠਿੰਡਾ-ਬਰਨਾਲਾ ਕੌਮੀ ਮਾਰਗ ਜਾਮ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਔਰਤਾਂ ਦੀ ਵੱਡੀ ਗਿਣਤੀ ਤੇ ਕਿਸਾਨ ਜਥੇਬੰਦੀਆਂ ਦਾ ਰਿਕਾਰਡ ਤੋੜ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਪੰਜਾਬ ਦੇ ਲੋਕ ਹੁਣ ਆਰ-ਪਾਰ ਦੀ ਲੜਾਈ ਲਈ ਤਿਆਰ ਹਨ। ਦਿੱਲੀ ਮੋਰਚੇ ਤੋਂ ਪੁੱਜੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਕੇਂਦਰ ਦੀਆਂ ਚਾਲਾਂ ਨੂੰ ਜਲਦੀ ਹੀ ਭਾਂਪ ਲਿਆ ਹੈ ਅਤੇ ਹੁਣ ਲੱਖਾਂ ਲੋਕ ਦਿੱਲੀ ਮੋਰਚਿਆਂ ’ਚ ਭਰਵੀਂ ਸ਼ਮੂਲੀਅਤ ਕਰ ਕੇ ਸਰਕਾਰ ਦੀ ਹਰ ਸਾਜ਼ਿਸ਼ ਨੂੰ ਬੇਨਕਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕੱਲੇ ਕਿਸਾਨਾਂ ਦੀ ਨਹੀਂ, ਬਲਕਿ ਹੱਥੀਂ ਕਿਰਤ ਕਰਕੇ ਢਿੱਡ ਭਰਨ ਵਾਲੇ ਹਰ ਇਨਸਾਨ ਦੀ ਲੜਾਈ ਹੈ। ਕਿਸਾਨ ਆਗੂ ਨੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਹੱਦਾਂ ’ਤੇ ਬਠੇ ਕਿਸਾਨ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਅੱਗੇ ਝੁਕਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਲੋਕ ਖੇਤੀ ਕਾਨੂੰਨ ਰੱਦ ਕਰਨ ਮਗਰੋਂ ਹੀ ਆਪੋ-ਆਪਣੇ ਘਰੀਂ ਪਰਤਣਗੇ। ਇਸ ਮੌਕੇ ਹਰਮੇਸ਼ ਕੁਮਾਰ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਫੂਲੇਵਾਲਾ, ਗੁਰਦੀਪ ਸਿੰਘ ਸੇਲਬਰਾਹ, ਹਰਬੰਸ ਸਿੰਘ ਢਿੱਲੋਂ ਅਤੇ ਅਰਜਨ ਸਿੰਘ ਫੂਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।