ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਮਈ
ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਤੇ ਪੰਜਾਬ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਜਥਾ ਸ਼ਾਮਲ ਹੋਇਆ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਟੀਡੀਆਈ ਮਾਲ ਕਿਸਾਨ ਸਭਾ ਦੇ ਕੈਂਪ ਕੋਲ ਇਕੱਠੇ ਹੋਏ ਤੇ ਇਥੋਂ ਇਕ ਲੰਮਾ ਮਾਰਚ ਸਿੰਘੂ ਮੋਰਚੇ ਦੀ ਸਟੇਜ ਵੱਲ ਕੱਢਿਆ। ਇਸ ਮਾਰਚ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਪ੍ਰਧਾਨ ਡਾ. ਅਸ਼ੋਕ ਧਾਵਲੇ, ਕੇਂਦਰੀ ਖ਼ਜ਼ਾਨਚੀ ਕ੍ਰਿਸ਼ਨਾ ਪ੍ਰਸ਼ਾਦ, ਪੰਜਾਬ ਰਾਜ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ, ਬਲਜੀਤ ਸਿੰਘ ਗਰੇਵਾਲ, ਸੀਟੂ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੋੜੀ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਆਗੂ ਬੀਬੀ ਸੁਭਾਸ਼ ਮੱਟੂ, ਬਲਦੇਵ ਸਿੰਘ ਲਤਾਲਾ ਨੇ ਕੀਤੀ।
ਇੱਥੇ ਮੋਰਚੇ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਡਾ. ਅਸ਼ੋਕ ਧਾਵਲੇ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਲਈ ਫ਼ਾਂਸੀ ਦਾ ਫੰਦਾ ਹਨ, ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਪੂੰਜੀਪਤੀ ਘਰਾਣਿਆਂ ਦੇ ਫਾਇਦੇ ਲਈ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ 80 ਫ਼ੀਸਦੀ ਲੋਕ ਖੇਤੀ ’ਤੇ ਨਿਰਭਰ ਹਨ ਅਤੇ ਖੇਤੀ ਕਾਨੂੰਨ ਲਾਗੂ ਹੋਣ ਕਾਰਨ ਕਿਸਾਨ ਅਤੇ ਮਜ਼ਦੂਰ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਇੱਕਜੁਟ ਹੋ ਕੇ ਸੰਘਰਸ਼ ਕਰ ਰਹੇ ਹਨ ਅਤੇ ਦਿੱਲੀ ਦੀਆਂ ਹੱਦਾਂ ’ਤੇ ਪੌਣੇ ਛੇ ਮਹੀਨਿਆਂ ਤੋਂ ਚੱਲ ਰਿਹਾ ਕਿਸਾਨੀ ਸੰਘਰਸ਼ ਦੇਸ਼ ਨੂੰ ਇਕ ਨਵੀਂ ਦਿਸ਼ਾ ਦੇ ਰਿਹਾ ਹੈ। ਡਾ. ਧਾਵਲੇ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰ ਪਰਤਣਗੇ।
ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਭੈਅ ਦਾ ਮਾਹੌਲ ਬਣਾ ਕੇ ਕਿਸਾਨ ਮੋਰਚਿਆਂ ਨੂੰ ਢਾਹ ਲਾਉਣ ਦੀਆਂ ਸਕੀਮਾਂ ਘੜ ਰਹੀ ਸੀ ਪਰ ਕਿਸਾਨਾਂ ਅੱਗੇ ਉਸ ਦੀ ਕੋਈ ਪੇਸ਼ ਨਹੀਂ ਗਈ। ਉਨ੍ਹਾਂ ਕਿਹਾ ਪਿਛਲੇ ਦਿਨੀਂ ਵੱਖ ਵੱਖ ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਭਾਰੀ ਸੱਟ ਲੋਕ ਵਿਰੋਧੀ ਨੀਤੀਆਂ ਕਾਰਨ ਲੱਗੀ ਹੈ। ਭਾਰਤ ਦੇ ਲੋਕ ਭਾਜਪਾ ਮੁਕਤ ਦੇਸ਼ ਸਿਰਜਣਗੇ। ਅੱਜ ਦੇ ਇਸ ਪੈਦਲ ਮਾਰਚ ਨੇ ਦਿੱਲੀ ਮੋਰਚੇ ਵਿੱਚ ਡਟੇ ਕਿਸਾਨਾਂ ਅੰਦਰ ਇੱਕ ਨਵੀਂ ਰੂਹ ਫੂਕੀ।