ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 15 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਗਰਾਊਂਡ ਵਿੱਚ ਕਿਸਾਨ-ਮਜ਼ਦੂਰ ਮਹਾਪੰਚਾਇਤ ਕਰਵਾਈ ਗਈ। ਇਸ ਮੌਕੇ ਰਾਵਣ ਦੀ ਥਾਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਮਹਾਪੰਚਾਇਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ, ਸੁਰਜੀਤ ਸਿੰਘ ਫੂਲ, ਗੁਰਨਾਮ ਸਿੰਘ ਚੜੂਨੀ, ਆਤਮਜੀਤ ਸਿੰਘ ਯੂਪੀ, ਹਰਜੀਤ ਸਿੰਘ ਰਵੀ, ਸੁਖਜੀਤ ਸਿੰਘ, ਅਮਰਜੀਤ ਸਿੰਘ ਰੜਾ, ਨੌਜਵਾਨ ਆਗੂ ਲੱਖਾ ਸਿਧਾਣਾ, ਮਜ਼ਦੂਰ ਆਗੂ ਬੱਬਲੀ ਅਟਵਾਲ, ਕੁਲਵੰਤ ਸਿੰਘ ਸੇਲਬਰਾਹ ਅਤੇ ਲੋਕ ਸੰਗਰਾਮ ਮੋਰਚੇ ਦੇ ਆਗੂ ਤਾਰਾ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਸਣੇ ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਮਹਾਪੰਚਾਇਤ ਕੀਤੀ ਗਈ ਹੈ ਅਤੇ ਮੋਦੀ ਤੇ ਯੋਗੀ ਦੀ ਤਾਨਾਸ਼ਾਹੀ ਖ਼ਿਲਾਫ਼ ਇਸ ਵਾਰ ਦਸਹਿਰੇ ’ਤੇ ਰਾਵਣ ਦੀ ਜਗ੍ਹਾ ਮੋਦੀ, ਯੋਗੀ ਅਤੇ ਪੂੰਜੀਪਤੀ ਘਰਾਣਿਆਂ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 18 ਅਕਤੂਬਰ ਨੂੰ ਰੇਲਾਂ ਰੋਕਣ ਦਾ ਐਲਾਨ ਵੀ ਕੀਤਾ। ਆਗੂਆਂ ਨੇ ਲੋਕਾਂ ਨੂੰ ਝੋਨੇ ਦੀ ਫ਼ਸਲ ਸੰਭਾਲ ਕੇ ਤੇ ਕਣਕ ਦੀ ਬਿਜਾਈ ਕਰਨ ਮਗਰੋਂ ਵੱਡੀ ਗਿਣਤੀ ਵਿੱਚ ਦਿੱਲੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਅੱਜ ਦੀ ਮਹਾਪੰਚਾਇਤ ਵਿੱਚ ਤਿੰਨ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਲਖੀਮਪੁਰ ਦੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਤੇ ਅਜੇ ਮਿਸ਼ਰਾ ਦੇ ਅਸਤੀਫ਼ੇ, ਬੀਐੱਸਐੱਫ ਦਾ ਘੇਰਾ 50 ਕਿਲੋਮੀਟਰ ਕਰਨ ਵਾਲਾ ਕਾਨੂੰਨ ਰੱਦ ਕਰਨ, ਖੇਤੀ ਕਾਨੂੰਨ ਰੱਦ ਕਰਕੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਜ਼ੀਰਾ, ਸੁਖਵਿੰਦਰ ਕੌਰ ਤੇ ਐਡਵੋਕੇਟ ਜੋਬਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਸਟੇਜ ਦੀ ਜ਼ਿੰਮੇਵਾਰੀ ਸੰਭਾਲੀ।