ਸੰਜੀਵ ਬੱਬੀ
ਚਮਕੌਰ ਸਾਹਿਬ, 29 ਅਕਤੂਬਰ
ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਪਿੰਡ ਕਮਾਲਪੁਰ ਟੌਲ ਪਲਾਜ਼ੇ ’ਤੇ ਕਿਸਾਨਾਂ ਵੱਲੋਂ 16ਵੇਂ ਦਿਨ ਵੀ ਲਗਾਏ ਗਏ ਧਰਨੇ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆ ਪੰਜਾਬ ਸਰਕਾਰ ਦੀ ਆਲੋਚਨਾ ਵੀ ਕੀਤੀ। ਧਰਨੇ ਦੌਰਾਨ ਅੱਜ ਪੁੱਜੇ ਲੋਕ ਗਾਇਕ ਦੁਰਗਾ ਰੰਗੀਲਾ ਨੇ ਕਿਹਾ ਕਿ ਉਹ ਪਹਿਲਾਂ ਕਿਸਾਨ ਹੈ ਅਤੇ ਬਾਅਦ ਵਿੱਚ ਉਹ ਗਾਇਕ। ਇਸ ਕਾਰਨ ਸੂਬੇ ਦੇ ਸਮੂਹ ਗਾਇਕ ਕਿਸਾਨਾਂ ਨਾਲ ਇਕਜੁਟਤਾ ਨਾਲ ਖੜ੍ਹੇ ਹਨ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਅੰਦੋਲਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ ਤੇ ਆੜ੍ਹਤੀ ਮਨਜੀਤ ਸਿੰਘ ਕੰਗ ਨੇ ਕਿਹਾ ਕਿ ਕਾਨੂੰਨਾਂ ਕਾਰਨ ਜਿਥੇ ਆੜ੍ਹਤੀ ਵਰਗ ਖਤਮ ਹੋ ਜਾਵੇਗਾ, ਉਥੇ ਹੀ ਗਰੀਬ ਮਜ਼ਦੂਰ ਸੜਕਾਂ ’ਤੇ ਰੁਲਣਗੇ। ਧਰਨੇ ਵਿੱਚ ਪ੍ਰਗਟ ਸਿੰਘ ਰੋਲੂਮਾਜਰਾ, ਗੁਰਮੇਲ ਸਿੰਘ ਵਾੜਾ, ਸਾਬਕਾ ਐਸ ਡੀ ਉ ਜਗਦੀਸ਼ ਲਾਲ, ਦਰਸਨ ਸਿੰਘ, ਬਲਵੰਤ ਸਿੰਘ, ਵਰਿੰਦਰ ਕੁਮਾਰ ਵਿੱਕੀ, ਪਰਵਿੰਦਰ ਸਿੰਘ, ਗਿਆਨ ਸਿੰਘ ਅਤੇ ਉਜਾਗਰ ਸਿੰਘ ਹਾਜ਼ਰ ਸਨ। ਧਰਨੇ ਦੌਰਾਨ ਬਾਬਾ ਮਾਨ ਸਿੰਘ ਪਿਹੋਵਾ ਵੱਲੋਂ ਕਿਸਾਨਾਂ ਲਈ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ।