ਕੁਲਦੀਪ ਭੁੱਲਰ
ਮੌੜ ਮੰਡੀ, 2 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਹਲਕੇ ਵਿੱਚ ਪੁੱਜੇ ਜਗਮੀਤ ਬਰਾੜ ਨੂੰ ਅੱਜ ਸੰਯੁਕਤ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਯੂਨੀਅਨ ਡਕੌਂਦਾ ਦੇ ਰਾਜਮਹਿੰਦਰ ਸਿੰਘ ਕੋਟਭਾਰਾ, ਕਿਸਾਨ ਯੂਨੀਅਨ ਮਾਨਸਾ ਦੇ ਪਵਨਦੀਪ ਸਿੰਘ ਮੌੜ ਕਲਾਂ, ਜਮਹੂਰੀ ਕਿਸਾਨ ਸਭਾ ਦੇ ਤਾਰਾ ਸਿੰਘ, ਅਮਰ ਸਿੰਘ ਥੰਮਣਗੜ੍ਹ ਨੇ ਸਵਾਲ ਕੀਤਾ ਕਿ ਉਹ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪੱਸ਼ਟ ਕਰਨ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਮੀਤ ਬਰਾੜ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਗਏ। ਜਦਕਿ ਬਰਾੜ ਨੇ ਉਕਤ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਕਿ ਕਿਸਾਨ ਆਗੂਆਂ ਨਾਲ ਉਨ੍ਹਾਂ ਦਾ ਸੰਵਾਦ ਚੰਗੇ ਮਾਹੌਲ ਵਿੱਚ ਹੋਇਆ ਹੈ।
ਇਸ ਤੋਂ ਪਹਿਲਾਂ ਜਗਮੀਤ ਸਿੰਘ ਬਰਾੜ ਨੇ ਪ੍ਰਚੀਨ ਮਾਤਾ ਦੁਰਗਾ ਮੰਦਰ ਅਤੇ ਇਤਿਹਾਸਕ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਆਪਣੀ ਚੋਣ ਮੁਹਿੰਮ ਦਾ ਰਸਮੀ ਅਗਾਜ਼ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਹਮਾਇਤੀਆਂ ਦੀ ਗ਼ੈਰਹਾਜ਼ਰੀ ਰੜਕਦੀ ਰਹੀ।
ਇਸ ਮੌਕੇ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਦੀ ਮੌਜੂਦਗੀ ਅਤੇ ਅਕਾਲੀ ਵਰਕਰਾਂ ਨੂੰ ਬਰਾੜ ਦੀ ਤਨਦੇਹੀ ਨਾਲ ਮਦਦ ਕਰਨ ਦੀ ਅਪੀਲ ਕੀਤੀ। ਸ੍ਰੀ ਮਲੂਕਾ ਦੀ ਗ਼ੈਰਹਾਜ਼ਰੀ ਬਾਰੇ ਜਗਮੀਤ ਬਰਾੜ ਨੇ ਕਿਹਾ, ‘ਸਿਕੰਦਰ ਸਿੰਘ ਮਲੂਕਾ ਤਾਂ ਖ਼ੁਦ ਟਿਕਟਾਂ ਦੇਣ ਵਾਲਿਆਂ ਵਿਚੋਂ ਹਨ ਅਤੇ ਜਲਦੀ ਹੀ ਉਹ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਜਾਣਗੇ।’
ਸਿਆਸੀ ਆਗੂਆਂ ਤੋਂ ਸਵਾਲ ਪੁੱਛਣ ਦੇ ਸੱਦੇ ਤੋਂ ਕਿਸਾਨਾਂ ਦੇ ਹੌਸਲੇ ਬੁਲੰਦ
ਮਾਨਸਾ (ਜੋਗਿੰਦਰ ਸਿੰਘ ਮਾਨ): ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਬਲਵੀਰ ਸਿੰਘ ਰਾਜੇਵਾਲ ਅਤੇ ਰੁਲਦੂ ਸਿੰਘ ਵੱਲੋਂ ਵੱਖ ਵੱਖ ਰੂਪ ਵਿੱਚ ਭਾਜਪਾ ਦਾ ਹੀ ਘਿਰਾਓ ਕਰਨ ਅਤੇ ਦੂਜੀਆਂ ਸਿਆਸੀ ਪਾਰਟੀਆਂ ਨੂੰ ਸਵਾਲ ਪੁੱਛਣ ਦੇ ਦਿੱਤੇ ਸੱਦੇ ਤੋਂ ਬਾਅਦ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਦੇ ਘਿਰਾਓ ਕਰਨ ਵਾਲੀਆਂ ਧਿਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਦੋਗਲੀ ਨੀਤੀ ਅਪਣਾਉਣ ਵਾਲੀਆਂ ਧਿਰਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਘੇਰ ਕੇ ਬਾਕਾਇਦਾ ਸਵਾਲ ਪੁੱਛੇ ਜਾਣਗੇ। ਕਿਸਾਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਦੇਸ਼ ਵਿੱਚੋਂ ਮੋਦੀ ਸਰਕਾਰ ਦਾ ਤਖ਼ਤਾ ਪਲਟ ਕੇ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ ਤੇ ਭਾਜਪਾ ਨੂੰ ਦੇਸ਼ ਵਿੱਚੋਂ ਮੁਕੰਮਲ ਤੌਰ ’ਤੇ ਖ਼ਤਮ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿੱਚ ਸੰਵਿਧਾਨ ਅਨੁਸਾਰ ਰਾਜ ਪ੍ਰਬੰਧ ਚਲਾਇਆ ਜਾ ਸਕੇ। ਇਸ ਮੌਕੇ ਤੇਜ਼ ਸਿੰਘ ਚਕੇਰੀਆ, ਸੁਖਚਰਨ ਦਾਨੇਵਾਲੀਆ, ਰਤਨ ਭੋਲਾ, ਜਸਵੰਤ ਜਵਾਹਰਕੇ ਤੇ ਇਕਬਾਲ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।