ਖੇਤਰੀ ਪ੍ਰਤੀਨਿਧ
ਬਰਨਾਲਾ, 21 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਬਰਨਾਲਾ ਰੇਲਵੇ ਸਟੇਸ਼ਨ ’ਤੇ ਤੀਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਨੂੰ ਅੱਜ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰੀ ਸਰਕਾਰ ਸਾਰੀਆਂ ਸੰਵਿਧਾਨਕ ਤੇ ਕਾਨੂੰਨੀ ਮਾਨਤਾਵਾਂ ਦਾ ਘਾਣ ਕਰਦੀ ਆ ਰਹੀ ਹੈ ਅਤੇ ਲੋਕਾਂ ’ਤੇ ਜ਼ਬਰ ਕਰਨ ਦੇ ਫਾਸ਼ੀਵਾਦੀ ਤੌਰ ਤਰੀਕੇ ਅਪਣਾ ਰਹੀ ਹੈ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਮਜ਼ੋਰ ਤੇ ਨਿਤਾਣੇ ਬਣਾ ਕੇ ਰਾਜ ਕਰਨਾ ਫਾਸ਼ੀਵਾਦ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ| ਪ੍ਰੋ. ਜਗਮੋਹਨ ਨੇ ਕਿਹਾ ਕਿ ਫਾਸ਼ੀਵਾਦ ਦਾ ਮੁੁਕਾਬਲਾ ਲੋਕਾਈ ਦੀ ਤਾਕਤ ਸਹਾਰੇ ਹੀ ਕੀਤਾ ਜਾ ਸਕਦਾ ਹੈ ਅਤੇ ਇਹ ਤਾਕਤ ਸਿਰਫ ਏਕੇ ਦੇ ਜ਼ੋਰ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਮੌਜੂਦਾ ਕਿਸਾਨ ਅੰਦੋਲਨ ਵਿੱਚ ਪੂਰੀ ਮੁੁਲਕ ਦੀ ਅਗਵਾਈ ਕੀਤੀ ਹੈ, ਉਸ ਤੋਂ ਆਸ ਬੱਝਦੀ ਹੈ ਕਿ ਲੋਕ ਜਲਦੀ ਹੀ ਫਾਸ਼ੀਵਾਦ ’ਤੇ ਜਿੱਤ ਪ੍ਰਾਪਤ ਕਰ ਲੈਣਗੇ| ਅੱਜ ਧਰਨੇ ਵਿੱਚ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸਾਥੀ ਵੱਡੀ ਗਿਣਤੀ ’ਚ ਸ਼ਾਮਲ ਹੋਏ| ਧਰਨੇ ਨੂੰ ਗੁੁਰਦੇਵ ਮਾਂਗੇਵਾਲ, ਹਰਚਰਨ ਚੰਨਾ, ਗੁੁਰਮੇਲ ਸ਼ਰਮਾ, ਮਾਸਟਰ ਨਿਰੰਜਣ ਸਿੰਘ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਗੁੁਰਪਰੀਤ ਰੂੜੇਕੇ, ਜਗਰਾਜ ਟੱਲੇਵਾਲ, ਡਾਕਟਰ ਰਾਜਿੰਦਰਪਾਲ ਅਤੇ ਬਲਵੀਰ ਕੌਰ ਨੇ ਵੀ ਸੰਬੋਧਨ ਕੀਤਾ| ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਬੁੁਲਾਰਿਆਂ ਗੁੁਰਪ੍ਰੀਤ ਰੂੜੇਕੇ, ਜਗਰਾਜ ਟੱਲੇਵਾਲ ਤੇ ਰਾਜਿੰਦਰਪਾਲ ਨੇ ਕਿਸਾਨ ਅੰਦੋਲਨ ਦੀ ਜਿੱਤ ਤਕ ਸਾਥ ਦੇਣ ਦਾ ਭਰੋਸਾ ਦਿੱਤਾ|