ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ਤਿਹ ਕਿੱਟ ਘੁਟਾਲੇ ਦੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਆਪਣੇ ਉੱਚ ਅਫ਼ਸਰਾਂ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਅਫ਼ਸਰਸ਼ਾਹੀ ਅਤੇ ਡਾਕਟਰ ਇਸ ਮੁਸ਼ਕਲ ਦੌਰ ਵਿੱਚ ਸ਼ਾਨਦਾਰ ਭੂਮਿਕਾ ਨਿਭਾਅ ਰਹੇ ਹਨ। ਮੁੱਖ ਮੰਤਰੀ ਨੇ ਟੀਕਾਕਰਨ ਅਤੇ ਫ਼ਤਿਹ ਕਿੱਟ ਘੁਟਾਲੇ ਦੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਉਹ ਸੌ ਫੀਸਦੀ ਆਪਣੇ ਅਧਿਕਾਰੀਆਂ ਨਾਲ ਖੜ੍ਹੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਖਰੀਦ ਕਮੇਟੀ ਤਰਫ਼ੋਂ ਹੀ ਕੋਵਿਡ ਨਾਲ ਸਬੰਧਤ ਖਰੀਦ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਦਾ ਰੌਲਾ-ਰੱਪਾ ਪੰਜਾਬ ਸਕਰਾਰ ਦੇ ਨੇਕ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਾਮਾਰੀ ਤੋਂ ਮੁਨਾਫ਼ਾ ਕਮਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਬਿਨਾਂ ਵਜਾ ਇਸ ਮਾਮਲੇ ਨੂੰ ਉਛਾਲਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਪਾਰਟੀਆਂ ਦੀ ਨਜ਼ਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਉਤੇ ਹੈ।
ਮੁੱਖ ਮੰਤਰੀ ਨੇ ਸਫਾਈ ਦਿੱਤੀ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਗ਼ਲਤ ਕੰਮ ਵਿਚ ਸ਼ਮੂਲੀਅਤ ਨਹੀਂ ਹੈ ਅਤੇ ਜੰਗ ਵਰਗੀ ਹੰਗਾਮੀ ਸਥਿਤੀ ਮੌਕੇ ਫੌਰੀ ਅਤੇ ਅਸਧਾਰਨ ਫੈਸਲੇ ਲੈਣੇ ਹੁੰਦੇ ਹਨ। ਹੰਗਾਮੀ ਕਦਮ ਵੀ ਸੰਕਟ ਨਾਲ ਨਜਿੱਠਣ ਲਈ ਸਾਰੇ ਫੈਸਲੇ ਲੋਕਾਂ ਦੇ ਹਿੱਤ ਲੈਂਦਿਆਂ ਬਕਾਇਦਾ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ।
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਵਿਡ ਦੇ ਸੁਰੱਖਿਆ ਉਪਾਵਾਂ ਅਤੇ ਬੰਦਿਸ਼ਾਂ ਦੀ ਉਲੰਘਣਾ ਕਰਕੇ ਸੂਬਾ ਸਰਕਾਰ ਵਿਰੁੱਧ ਵੱਡੇ ਪੱਧਰ ਉਤੇ ਕੀਤੇ ਜਾ ਰਹੇ ਇਕੱਠਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸੱਤਾ ਲਈ ਬੁਖਲਾਹਟ ਵਿਚ ਆ ਕੇ ਸੁਖਬੀਰ ਬਾਦਲ ਅਤੇ ਉਸ ਦੀ ਪਾਰਟੀ ਦੇ ਵਰਕਰ ਅਜਿਹ ਇਕੱਠਾਂ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾ ਰਹੇ ਹਨ।
ਅਮਰਿੰਦਰ ਨੇ ਕਿਹਾ ਕਿ ਕੁਝ ਨਿੱਜੀ ਹਸਪਤਾਲਾਂ ਨੂੰ 40000 ਵਾਧੂ ਖ਼ੁਰਾਕਾਂ ਮੁਹੱਈਆ ਕਰਵਾਉਣਾ ਇੱਕ-ਸਮੇਂ ਦਾ ਉਪਾਅ ਸੀ ਤਾਂ ਜੋ 18-45 ਉਮਰ-ਵਰਗ ਵਿਚ ਗੈਰ-ਤਰਜੀਹੀ ਸਮੂਹਾਂ ਨੂੰ ਵੀ ਟੀਕਾਕਰਨ ਕਰਵਾਉਣ ਦੇ ਕੁਝ ਵਿਕਲਪ ਦਿੱਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ ਉਸੇ ਕੀਮਤ ’ਤੇ ਟੀਕੇ ਦਿੱਤੇ ਗਏ ਜਿਸ ਕੀਮਤ ’ਤੇ ਉਨ੍ਹਾਂ ਨੇ ਨਿਰਮਾਤਾਵਾਂ ਤੋਂ ਖ਼ਰੀਦਣੇ ਸਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲਿਆ ਇਸ ਕਰਕੇ ਲਿਆ ਗਿਆ ਸੀ ਕਿਉਂਕਿ ਸ਼ੁਰੂ ਵਿਚ ਪੰਜਾਬ ਵਿਚ ਸਿਰਫ਼ ਦੋ ਪ੍ਰਾਈਵੇਟ ਹਸਪਤਾਲ ਹੀ ਸਨ ਜੋ ਕੇਂਦਰ ਸਰਕਾਰ ਵੱਲੋਂ ਰਾਖਵੇਂ 25 ਫੀਸਦੀ ਕੋਟੇ ’ਚੋਂ ਟੀਕੇ ਖਰੀਦਣ ਵਿਚ ਕਾਮਯਾਬ ਰਹੇ ਸਨ।