ਪਰਮਜੀਤ ਸਿੰਘ
ਫਾਜ਼ਿਲਕਾ, 14 ਜੂਨ
ਇਸ ਜ਼ਿਲ੍ਹੇ ਦੇ ਪਿੰਡ ਓਝਾ ਵਾਲੀ ਵਿਚ ਛੁੱਟੀਆਂ ’ਚ ਪੇਕੇ ਆਈ ਭੈਣ ਦਾ ਭਰਾ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਦੋ ਭਰਾਵਾਂ ਵਿਚਕਾਰ ਜ਼ਮੀਨ ਕਾਰਨ ਝਗੜਾ ਸੀ ਅਤੇ ਬੀਤੀ ਸ਼ਾਮ ਇਕ ਭਰਾ ਦਾ ਦੂਜੇ ਭਰਾ ਨਾਲ ਝਗੜਾ ਕਰਨ ਲਈ ਆਇਆ ਸੀ। ਇਸ ਦੌਰਾਨ ਛੁੱਟੀਆਂ ’ਚ ਪੇਕੇ ਪਰਿਵਾਰ ਨੂੰ ਮਿਲਣ ਆਈ ਭੈਣ ਨੇ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭਰਾ ਨੇ ਕਹੀ ਨਾਲ ਵਾਰ ਕਰਕੇ ਭੈਣ ਨੂੰ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ, ਜਦਕਿ ਵਾਰਦਾਤ ਤੋਂ ਬਾਅਦ ਭਰਾ ਫ਼ਰਾਰ ਹੋ ਗਿਆ। ਫਾਜ਼ਿਲਕਾ ਦੇ ਡੀਐੱਸਪੀ ਜਸਬੀਰ ਸਿੰਘ ਪੰਨੂ ਨੇ ਦੱਸਿਆ ਕਿ ਮਿ੍ਤਕਾ ਚੰਡੀਗੜ੍ਹ ਦੀ ਰਹਿਣ ਵਾਲੀ ਸੀ ਜੋ ਆਪਣੇ ਪਿਤਾ ਨੂੰ ਮਿਲਣ ਲਈ ਪਿੰਡ ਓਝਾਂ ਵਾਲੀ ਆਈ ਸੀ ਅਤੇ ਘਰੇਲੂ ਝਗੜਾ ਹੋਣ ਕਾਰਨ ਜਦ ਉਸ ਦੇ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਡੇ ਭਰਾ ਨੇ ਉਸ ਦੇ ਗਲੇ ਉਪਰ ਕਹੀ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤੇ ਹੋ ਗਈ। ਮਿ੍ਤਕਾ ਪ੍ਰਵੀਨ ਕੌਰ (35) ਦੇ ਪਿਤਾ ਜਰਨੈਲ ਸਿੰਘ ਵਾਸੀ ਪਿੰਡ ਓਝਾਂ ਵਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਕਾਫ਼ੀ ਸਮੇਂ ਤੋਂ ਪਰਿਵਾਰਕ ਝਗੜਾ ਚਲਿਆ ਆ ਰਿਹਾ ਹੈ ਅਤੇ ਉਸ ਨੇ ਆਪਣੀ ਜਾਇਦਾਦ ਦਾ ਹਿੱਸਾ ਵੀ ਆਪਣੇ ਵੱਡੇ ਪੁੱਤਰ ਬਲਜਿੰਦਰ ਸਿੰਘ ਨੂੰ ਦੇ ਦਿੱਤਾ ਹੈ ਪਰ ਫਿਰ ਵੀ ਉਹ ਉਨ੍ਹਾਂ ਨਾਲ ਝਗੜਾ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਜਦ ਉਹ ਆਪਣੇ ਘਰ ਵਿਚ ਆਪਣੇ ਵਾਲੇ ਪਾਸੇ ਪੱਠੇ ਕੁਤਰਨ ਵਾਲਾ ਟੋਕਾ ਲਗਾ ਰਹੇ ਸਨ ਤਾਂ ਉਸ ਦੀ ਨੂੰਹ ਪੂਜਾ ਨੇ ਆਪਣੇ ਪਤੀ ਬਲਜਿੰਦਰ ਸਿੰਘ ਨੂੰ ਫੋਨ ਕਰ ਦਿੱਤਾ, ਜਿਸ ’ਤੇ ਉਹ ਗੁੱਸੇ ਵਿਚ ਘਰ ਆਇਆ ਅਤੇ ਕਹਿਣ ਲੱਗਿਆ ਕਿ ਉਸ ਨੇ ਛੋਟੇ ਭਰਾ ਨੂੰ ਵੱਢ ਦੇਣਾ ਹੈ ਪਰ ਮੇਰਾ ਛੋਟਾ ਪੁੱਤਰ ਪਾਣੀ ਲੈਣ ਲਈ ਗਿਆ ਹੋਇਆ ਸੀ। ਉਸ ਦੀ ਧੀ ਪ੍ਰਵੀਨ ਕੌਰ ਜੋ ਆਪਣੇ ਬੱਚਿਆਂ ਨਾਲ ਉਨ੍ਹਾਂ ਨੂੰ ਮਿਲਣ ਲਈ ਪਿੰਡ ਆਈ ਸੀ, ਨੇ ਆਪਣੇ ਭਰਾ ਬਲਜਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਭਰਾ ਨੇ ਭੈਣ ਦੇ ਗਲੇ ’ਤੇ ਕਹੀ ਨਾਲ ਵਾਰ ਕਰ ਦਿੱਤਾ।