ਲੁਧਿਆਣਾ: ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ’ਚ ਪੁਲੀਸ ਮੁਲਾਜ਼ਮ ਦੀ ਬਲੈਰੋ ਗੱਡੀ ਥੱਲੇ ਬੰਬ ਲਾਉਣ ਦੀ ਘਟਨਾ ਮਗਰੋਂ ਪੰਜਾਬ ਪੁਲੀਸ ਇੱਕ ਵਾਰ ਮੁੜ ਚੌਕਸ ਹੋ ਗਈ ਹੈ। ਪੁਲੀਸ ਦੇ ਖੁਫ਼ੀਆ ਵਿਭਾਗ ਨੇ ਦੁਬਾਰਾ ਅਜਿਹੇ ਹਮਲੇ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਪੁਲੀਸ ਵਾਹਨਾਂ ਸਮੇਤ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਿੱਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹਰ ਸ਼ਹਿਰ ਦੇ ਪੁਲੀਸ ਕਮਿਸ਼ਨਰ ਦੇ ਨਾਲ-ਨਾਲ ਐੱਸਐੱਸਪੀ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪੋ-ਆਪਣੇ ਇਲਾਕਿਆਂ ’ਚ ਸੁਰੱਖਿਆ ਯਕੀਨੀ ਬਣਾਉਣ। ਪੰਜਾਬ ਪੁਲੀਸ ਦੇ ਏਡੀਜੀਪੀ ਇੰਟਰਨਲ ਸੁਰੱਖਿਆ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਪੰਜਾਬ ਪੁਲੀਸ ਦੇ ਕਰਮੀ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਸਰਕਾਰੀ ਇਮਾਰਤਾਂ, ਧਾਰਮਿਕ ਸਥਾਨਾਂ, ਜਨਤਕ ਥਾਵਾਂ ਅਤੇ ਸਰਕਾਰੀ ਗੱਡੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਉਣਗੇ। ਹਰ ਇਮਾਰਤ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਪੁਲੀਸ 24 ਘੰਟੇ ਗਸ਼ਤ ਕਰੇਗੀ। ਅਦਾਲਤੀ ਕੰਪਲੈਕਸਾਂ ਸਣੇ ਡੀਸੀ ਦਫ਼ਤਰਾਂ ਨੂੰ ਵੀ ਸੁਰੱਖਿਅਤ ਕੀਤਾ ਜਾਵੇਗਾ। ਏਡੀਜੀਪੀ ਵੱਲੋਂ ਮੋਟਰਸਾਈਕਲਾਂ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਗਏ। ਸਰਕਾਰੀ ਇਮਾਰਤਾਂ ਤੋਂ ਵਾਹਨ ਦੂਰ ਪਾਰਕ ਕਰਵਾਉਣ ਤੇ ਭਗੌੜਿਆਂ ਦੀ ਸੂਚੀ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ। -ਟਨਸ