ਜਗਮੋਹਨ ਸਿੰਘ
ਘਨੌਲੀ, 6 ਸਤੰਬਰ
ਸਮਾਜ ਸੇਵੀ ਬਚਿੱਤਰ ਸਿੰਘ ਜਟਾਣਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੇਸ ਦੇ ਸਬੰਧ ਵਿੱਚ ਅਦਾਲਤ ਦੇ ਨਿਰਦੇਸ਼ਾਂ ਅਧੀਨ ਸੀਬੀਆਈ ਵੱਲੋਂ ਮੁੱਢਲੀ ਜਾਂਚ ਰਿਪੋਰਟ ਦਰਜ ਕੀਤੇ ਜਾਣ ਦਾ ਅਸਰ ਜ਼ਿਲ੍ਹਾ ਰੂਪਨਗਰ ਦੀ ਸਟੋਨ ਕਰੱਸ਼ਰ ਇੰਡਸਟਰੀ ’ਤੇ ਦਿਖਣ ਲੱਗਾ ਹੈ। ਜ਼ਿਲ੍ਹਾ ਰੂਪਨਗਰ ਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਅੱਜ ਡਰੋਨ ਰਾਹੀਂ ਨਾਜਾਇਜ਼ ਖਣਨ ਦੀ ਜਾਂਚ ਕੀਤੀ ਤਾਂ ਕਰੱਸ਼ਰ ਇੰਡਸਟਰੀ ਵਿੱਚ ਸੰਨਾਟਾ ਛਾ ਗਿਆ। ਬਚਿੱਤਰ ਸਿੰਘ ਜਟਾਣਾ ਵੱਲੋਂ ਦਾਇਰ ਕੇਸ ਟਿੱਪਰਾਂ ਨੂੰ ਘੇਰ ਕੇ ਉਨ੍ਹਾਂ ਤੋਂ ਰਾਇਲਟੀ ਦੇ ਨਾਮ ’ਤੇ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਵਿਅਕਤੀਆਂ ਨਾਲ ਸਬੰਧਤ ਹੈ। ਕੇਸ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੋਣੀ ਹੈ। ਟਿੱਪਰ ਅਤੇ ਟਰੈਕਟਰ ਚਾਲਕਾਂ ਨੇ ਕਿਸੇ ਝਮੇਲੇ ਵਿੱਚ ਫਸਣ ਦੇ ਡਰੋਂ ਆਪਣੇ ਟਰੈਕਟਰ ਅਤੇ ਟਿੱਪਰ ਘਰਾਂ ਵਿੱਚ ਹੀ ਖੜ੍ਹੇ ਕਰ ਲਏ ਹਨ। ਸਾਰਿਆਂ ਦੀ ਨਜ਼ਰਾਂ ਹੁਣ 8 ਸਤੰਬਰ ’ਤੇ ਟਿਕੀਆਂ ਹਨ। ਉਧਰ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਬਲਬੀਰ ਸਿੰਘ ਦੀ ਅਗਵਾਈ ਵਾੀ ਟੀਮ ਨੇ ਡਰੋਨ ਰਾਹੀਂ ਸਾਰੇ ਇਲਾਕੇ ਵਿੱਚ ਚੈਕਿੰਗ ਕੀਤੀ ਤੇ ਇਸ ਦੌਰਾਨ ਕਿੱਧਰੇ ਵੀ ਕੋਈ ਨਾਜਾਇਜ਼ ਮਾਈਨਿੰਗ ਹੁੰਦੀ ਨਹੀਂ ਮਿਲੀ।