ਪਾਲ ਸਿੰਘ ਨੌਲੀ
ਜਲੰਧਰ, 20 ਜਨਵਰੀ
ਕਰੋਨਾ ਦੀ ਵੈਕਸੀਨ ਆਉਣ ਦੇ ਬਾਵਜੂਦ ਲੋਕ ਟੀਕੇ ਲਵਾਉਣ ਲਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ। ਇੱਥੇ ਤਿੰਨ ਦਿਨਾਂ ਵਿੱਚ 900 ਸਿਹਤ ਕਾਮਿਆਂ ’ਚੋਂ ਸਿਰਫ 392 ਦੇ ਹੀ ਟੀਕੇ ਲੱਗ ਸਕੇ ਹਨ ਤੇ 38 ਖੁਰਾਕਾਂ ਖਰਾਬ ਹੋ ਚੁੱਕੀਆਂ ਹਨ। ਸਿਹਤ ਵਿਭਾਗ ਨੇ ਹੁਣ ਨਿੱਜੀ ਹਸਪਤਾਲਾਂ ਵਿੱਚ ਵੀ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਹਿਲੇ ਦਿਨ 16 ਜਨਵਰੀ ਨੂੰ ਤਿੰਨ ਕੇਂਦਰਾਂ ਸਿਵਲ ਹਸਪਤਾਲ ਜਲੰਧਰ, ਨਕੋਦਰ ਅਤੇ ਕਮਿਊਨਿਟੀ ਹੈਲਥ ਸੈਂਟਰ ਬਸਤੀ ਗੁਜਾਂ ਵਿੱਚ 100-100 ਸਿਹਤ ਮੁਲਾਜ਼ਮਾਂ ਨੂੰ ਟੀਕਾ ਲਾਉਣ ਦਾ ਟੀਚਾ ਮਿਥਿਆ ਸੀ ਪਰ ਪਹਿਲੇ ਦਿਨ ਤਿੰਨਾਂ ਕੇਂਦਰਾਂ ’ਚ 136 ਤੇ ਦੂਜੇ ਦਿਨ 157 ਸਿਹਤ ਮੁਲਾਜ਼ਮ ਹੀ ਟੀਕੇ ਲਵਾਉਣ ਆਏ। ਤੀਜੇ ਦਿਨ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ) ਨੂੰ ਵੀ ਸ਼ਾਮਲ ਕੀਤਾ ਗਿਆ ਪਰ ਸਿਰਫ 99 ਸਿਹਤ ਮੁਲਾਜ਼ਮਾਂ ਨੇ ਟੀਕੇ ਲਗਵਾਏ। ਅੱਜ ਗੁਰਪੁਰਬ ਹੋਣ ਕਰਕੇ ਸਰਕਾਰੀ ਛੁੱਟੀ ਸੀ, ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਟੀਕੇ ਨਹੀਂ ਲੱਗੇ ਤੇ ਇੱਕ ਨਿੱਜੀ ਹਸਪਤਾਲ ’ਚ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਹੀ 11,800 ਸਿਹਤ ਮੁਲਾਜ਼ਮਾਂ ਦੇ ਟੀਕੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਪਰ ਜਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਸਿਹਤ ਕਾਮਿਆਂ ਵਿੱਚ ਵੀ ਇਸ ਟੀਕੇ ਸਬੰਧੀ ਡਰ ਬਣਿਆ ਹੋਇਆ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਕਿਸੇ ਨੂੰ ਜਬਰੀ ਟੀਕੇ ਨਹੀਂ ਲਾਏ ਜਾ ਸਕਦੇ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।