ਗਗਨਦੀਪ ਅਰੋੜਾ
ਲੁਧਿਆਣਾ, 23 ਅਪਰੈਲ
ਇਥੇ ਤਾਲਾਬੰਦੀ ਲੱਗਣ ਦੇ ਡਰੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਆਪਣੇ ਪਿੱਤਰੀ ਰਾਜਾਂ ਨੂੰ ਜਾ ਰਹੇ ਮਜ਼ਦੂਰਾਂ ਤੋਂ ਸਨਅਤਕਾਰ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਮਜ਼ਦੂਰ ਚਲੇ ਗਏ ਤਾਂ ਸਨਅਤਾਂ ਬੰਦ ਕਰਨੀਆਂ ਪੈ ਸਕਦੀਆਂ ਹਨ ਕਿਉਂਕਿ ਹੁਣ ਤੱਕ 20 ਫੀਸਦੀ ਪਰਵਾਸੀ ਮਜ਼ਦੂਰ ਪਹਿਲਾਂ ਹੀ ਆਪਣੇ ਪਿੰਡਾਂ ਨੂੰ ਜਾ ਚੁੱਕੇ ਹਨ।
ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਪਾਰਟਸ ਐਸੋਸੇਈਸ਼ਨ ਯੂਸੀਪੀਐੱਮਏ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਆਖਿਆ ਕਿ ਕਈ ਰਾਜਾਂ ਵਿੱਚ ਤਾਲਾਬੰਦੀ ਲੱਗੀ ਹੋਣ ਕਾਰਨ ਲੁਧਿਆਣਾ ਸ਼ਹਿਰ ਦੀਆਂ ਸਨਅਤਾਂ ਵਿਚ ਪਹਿਲਾਂ ਹੀ ਉਤਪਾਦਨ ਅੱਧਾ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਯੂਪੀ ਤੇ ਬਿਹਾਰ ਲਈ ਰੇਲ ਗੱਡੀਆਂ ਬੰਦ ਸਨ, ਇਸ ਕਰਕੇ ਮਜ਼ਦੂਰ ਟਿਕੇ ਹੋਏ ਸਨ, ਪਰ ਹੁਣ ਪ੍ਰਾਈਵੇਟ ਬੱਸਾਂ ਰਾਹੀਂ ਵੀ ਹਜ਼ਾਰਾਂ ਮਜ਼ਦੂਰ ਰੋਜ਼ਾਨਾ ਆਪਣੇ ਘਰਾਂ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਲੁਧਿਆਣਾ ਵਿਚ ਰੋਕਣ ਲਈ ਸਰਕਾਰ ਨੂੰ ਹੀ ਕੁਝ ਕਰਨਾ ਪਵੇਗਾ। ਜੇਕਰ ਲੌਕਡਾਊਨ ਲੱਗਦਾ ਹੈ ਤਾਂ ਸਰਕਾਰ ਸਨਅਤਕਾਰਾਂ ਵੱਲੋਂ ਦਿੱਤੇ ਗਏ ਟੈਕਸ ਵਿੱਚੋਂ ਪਰਵਾਸੀ ਮਜ਼ਦੂਰਾਂ ਨੂੰ ਪੈਸੇ ਦੇ ਕੇ ਮਦਦ ਕਰੇ।
ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਜੇਕਰ ਇਸ ਵਾਰ ਮਜ਼ਦੂਰ ਪਿੰਡਾਂ ਨੂੰ ਚੱਲੇ ਗਏ ਤਾਂ ਵਾਪਸ ਨਹੀਂ ਆਉਣਗੇ ਕਿਉਂਕਿ ਪਰਵਾਸੀ ਮਜ਼ਦੂਰ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰ ਮਜ਼ਦੂਰਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਨ। ਉਹ ਆਪਣੇ ਪੱਧਰ ’ਤੇ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਲੇਬਰ ਇਸੇ ਤਰ੍ਹਾਂ ਰੋਜ਼ਾਨਾ ਵਾਪਸ ਜਾਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੁਧਿਆਣਾ ਦੀਆਂ ਸਨਅਤਾਂ ’ਤੇ ਤਾਲੇ ਲੱਗ ਜਾਣਗੇ।
ਉਦਯੋਗ ਬੰਦ ਕਰਨਾ ਆਖਰੀ ਬਦਲ ਹੋਵੇਗਾ: ਡੀਸੀ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਦੀ ਫੈਕਟਰੀਆਂ ਜਾਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਅਤੇ ਇਸ ਨੂੰ ਆਖਰੀ ਬਦਲ ਵਜੋਂ ਹੀ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬੱਸ ਅਪਰੇਟਰਾਂ ਨੂੰ ਵੀ ਤਾੜਨਾ ਕੀਤੀ, ਜੋ ਗੈਰਕਾਨੂੰਨੀ ਢੰਗ ਨਾਲ ਕੁਝ ਪੈਸਿਆਂ ਦੇ ਲਾਲਚ ਕਰਕੇ ਭੋਲੇ-ਭਾਲੇ ਪਰਵਾਸੀ ਮਜ਼ਦੂਰਾਂ ਨੂੰ ਡਰਾ ਕੇ ਜਾਂ ਗੁਮਰਾਹ ਕਰਕੇ ਪੰਜਾਬ ਛੱਡਣ ਲਈ ਉਤਸ਼ਾਹਿਤ ਕਰ ਰਹੇ ਹਨ।