ਚਰਨਜੀਤ ਭੁੱਲਰ
ਚੰਡੀਗੜ੍ਹ, 10 ਜੂਨ
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਦੇ ਜੰਗਲਾਤ ਅਫ਼ਸਰਾਂ ਦੀ ਧੜਕਨ ਵਧ ਗਈ ਹੈ। ਵਿਜੀਲੈਂਸ ਨੇ ਹੁਣ ਮੁੱਖ ਵਣਪਾਲ ਪ੍ਰਵੀਨ ਕੁਮਾਰ ਅਤੇ ਸ਼ਿਵਾਲਿਕ ਸਰਕਲ ਦੇ ਕੰਜ਼ਰਵੇਟਰ ਵਿਸ਼ਾਲ ਚੌਹਾਨ ਨੂੰ ਪੁੱਛ-ਪੜਤਾਲ ਲਈ ਤਲਬ ਕੀਤਾ ਹੈ, ਜਦਕਿ ਅਮਿਤ ਚੌਹਾਨ ਨਾਮ ਦਾ ਅਧਿਕਾਰੀ ਫ਼ਰਾਰ ਹੈ। ਪਤਾ ਲੱਗਾ ਹੈ ਕਿ ਕਈ ਜੰਗਲਾਤ ਅਫ਼ਸਰ ਰੂਪੋਸ਼ ਹੋ ਗਏ ਹਨ, ਜਦਕਿ ਬਹੁਤੇ ਜ਼ਿਲ੍ਹਾ ਜੰਗਲਾਤ ਅਫ਼ਸਰਾਂ ਨੇ ਦਫ਼ਤਰਾਂ ਵਿੱਚ ਹਾਜ਼ਰੀ ਘਟਾ ਦਿੱਤੀ ਹੈ।
ਵਿਜੀਲੈਂਸ ਦਾ ਖ਼ੌਫ਼ ਸਮੁੱਚੇ ਜੰਗਲਾਤ ਮਹਿਕਮੇ ’ਚ ਦਿਖਾਈ ਦੇ ਰਿਹਾ ਹੈ। ਦਿਲਚਸਪ ਗੱਲ ਹੈ ਕਿ ਵਿਜੀਲੈਂਸ ਭਵਨ ਅਤੇ ਜੰਗਲਾਤ ਭਵਨ ਮੁਹਾਲੀ ਦੇ ਇੱਕ ਹੀ ਕੰਪਲੈਕਸ ਵਿੱਚ ਸਥਿਤ ਹਨ, ਜਿਸ ਕਰਕੇ ਮੁੱਖ ਦਫ਼ਤਰ ਦੇ ਬਹੁਤੇ ਅਫ਼ਸਰ ਡਰੇ ਹੋਏ ਹਨ ਤੇ ਹੇਠਲੇ ਮੁਲਾਜ਼ਮ ਹੀ ਪੂਰਾ ਸਮਾਂ ਦਫ਼ਤਰ ਵਿੱਚ ਬੈਠਦੇ ਹਨ। ਵਿਜੀਲੈਂਸ ਬਿਊਰੋ ਨੇ ਹੁਣ ਜੰਗਲਾਤ ਮਹਿਕਮੇ ਨੂੰ ਚਿੱਠੀਆਂ ਲਿਖ ਕੇ ਦਰੱਖ਼ਤਾਂ ਦੀ ਕਟਾਈ ਅਤੇ ਟ੍ਰੀ-ਗਾਰਡਾਂ ਦੀ ਖ਼ਰੀਦ ਸਬੰਧੀ ਰਿਕਾਰਡ ਮੰਗਿਆ ਹੈ।
ਵਿਜੀਲੈਂਸ ਨੇ ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਰਹੇ ਗੁਰਅਮਨ ਸਿੰਘ ਅਤੇ ਠੇਕੇਦਾਰ ਹਰਮੋਹਿੰਦਰ ਸਿੰਘ ਹਮੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਤ ਨੂੰ ਜੰਗਲਾਤ ਘੁਟਾਲੇ ਵਿੱਚ ਸ਼ਾਮਲ ਸਾਬਕਾ ਮੰਤਰੀ ਸਮੇਤ ਸਭਨਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।
ਜ਼ਿਲ੍ਹਾ ਅਦਾਲਤ ਨੇ ਅੱਜ ਗੁਰਅਮਨ ਸਿੰਘ ਨੂੰ ਰੋਜ਼ਾਨਾ 20 ਮਿੰਟ ਆਪਣੇ ਵਕੀਲ ਨਾਲ ਮੁਲਾਕਾਤ ਕਰਨ ਦੀ ਛੋਟ ਦਿੱਤੀ ਹੈ।
ਵਜ਼ੀਫ਼ਾ ਘੁਟਾਲੇ ਦੀ ਜਾਂਚ ਮੁੜ ਖੁੱਲੇਗੀ?
ਵਿਜੀਲੈਂਸ ਇਸ ਕੇਸ ਮਗਰੋਂ ਵਜ਼ੀਫ਼ਾ ਘੁਟਾਲੇ ਨੂੰ ਮੁੜ ਖੋਲ੍ਹ ਸਕਦੀ ਹੈ। ਵਿਜੀਲੈਂਸ ਪਹਿਲਾਂ ਆਪਣਾ ਪੂਰਾ ਧਿਆਨ ਜੰਗਲਾਤ ਘੁਟਾਲੇ ’ਤੇ ਕੇਂਦਰਿਤ ਕਰ ਰਹੀ ਹੈ। ਕਈ ਵਿਦਿਆਰਥੀ ਧਿਰਾਂ ਨੇ ਇਹ ਮੰਗ ਚੁੱਕੀ ਹੈ ਕਿ ਵਜ਼ੀਫ਼ਾ ਘੁਟਾਲੇ ਦੀਆਂ ਫਾਈਲਾਂ ਵੀ ਮੁੜ ਖੋਲ੍ਹੀਆਂ ਜਾਣ, ਜਦਕਿ ਸਾਬਕਾ ਮੰਤਰੀ ਧਰਮਸੋਤ ਆਖ ਰਹੇ ਹਨ ਕਿ ਉਨ੍ਹਾਂ ਕੋਲ ਤਾਂ ਪਹਿਲਾਂ ਹੀ ਕਲੀਨ ਚਿੱਟ ਹੈ।
ਖੈਰ ਵਾਲਿਆਂ ਦੀ ਹੁਣ ਨਹੀਂ ਖ਼ੈਰ
ਖੈਰ ਦੇ ਦਰੱਖ਼ਤਾਂ ਦੀ ਕਟਾਈ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਜਾਪ ਰਹੀ ਕਿਉਂਕਿ ਮੁਕੱਦਮਾ ਦਰਜ ਕਰਨ ਮਗਰੋਂ ਵਿਜੀਲੈਂਸ ਨੇ ਖੈਰ ਦੇ ਦਰੱਖ਼ਤਾਂ ਦੀ ਕਟਾਈ ਬਾਰੇ ਸਾਰੇ ਵੇਰਵੇ ਜੰਗਲਾਤ ਮਹਿਕਮੇ ਤੋਂ ਮੰਗ ਲਏ ਹਨ। ਵਿਜੀਲੈਂਸ ਖੈਰ ਦੇ ਦਰੱਖ਼ਤਾਂ ਨਾਲ ਸਬੰਧਤ ਸਾਰੇ ਰਿਕਾਰਡ ਘੋਖੇਗੀ। ਵਿਜੀਲੈਂਸ ਕੋਲ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਸਾਬਕਾ ਮੰਤਰੀ ਵੱਲੋਂ ਖੈਰ ਦੇ ਦਰੱਖ਼ਤਾਂ ਦੀ ਕਟਾਈ ਵਿੱਚ ਰਿਸ਼ਵਤ ਲਈ ਜਾਂਦੀ ਸੀ।