ਸੰਜੀਵ ਹਾਂਡਾ
ਫ਼ਿਰੋਜ਼ਪੁਰ, 31 ਅਗਸਤ
ਸਦਰ ਪੁਲੀਸ ਨੇ ਸਰਹੱਦ ਨਾਲ ਲੱਗਦੇ ਕੱਚੇ ਬੰਨ੍ਹ ਤੋਂ 1.28 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਗਸ਼ਤ ਦੌਰਾਨ ਉਨ੍ਹਾਂ ਨੂੰ ਮੁਖ਼ਬਰ ਨੇ ਦੱਸਿਆ ਕਿ ਭਾਰਤੀ ਤਸਕਰਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਪਿੰਡ ਬਾਰੇ ਕੇ ਦੇ ਕੋਲ ਕੱਚੇ ਬੰਨ੍ਹ ’ਤੇ ਹੈਰੋਇਨ ਮੰਗਵਾਈ ਹੈ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਤਲਾਸ਼ੀ ਮੁਹਿੰਮ ਚਲਾਈ ਤਾਂ ਹੈਰੋਇਨ ਦੀ ਇਹ ਖੇਪ ਬਰਾਮਦ ਹੋਈ। ਪੁਲੀਸ ਹੁਣ ਤਸਕਰਾਂ ਦੀ ਭਾਲ ਕਰ ਰਹੀ ਹੈ। ਇਸੇ ਤਰ੍ਹਾਂ ਥਾਣਾ ਆਰਿਫ਼ ਕੇ ਪੁਲੀਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਪਿੰਡ ਜੈਮਲ ਵਾਲਾ ਦੇ ਵਸਨੀਕ ਸ਼ੀਰਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਕੇਸ ਦਰਜ ਕਰਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
15 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ
ਸਥਾਨਕ ਸੀਆਈਏ ਸਟਾਫ ਨੇ ਕਾਰ ਸਵਾਰ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਤੇ 15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਚਾਟੀਵਿੰਡ (ਅੰਮ੍ਰਿਤਸਰ), ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਕਲਾਨੌਰ (ਗੁਰਦਾਸਪੁਰ), ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਫ਼ਿਰੋਜ਼ਪੁਰ ਅਤੇ ਸੁਰਜੀਤ ਸਿੰਘ ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ। ਸਬ-ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਚਾਰ ਮੁਲਜ਼ਮ ਹੈਰੋਇਨ ਵੇਚਣ ਮਗਰੋਂ ਡਰੱਗ ਮਨੀ ਲੈ ਕੇ ਵਰਨਾ ਕਾਰ ਵਿੱਚ ਫ਼ਿਰੋਜ਼ਪੁਰ ਤੋਂ ਜ਼ੀਰਾ ਆ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਮੁਲਜ਼ਮਾਂ ਨੂੰ 20 ਗ੍ਰਾਮ ਹੈਰੋਇਨ ਤੇ 15 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕਰ ਲਿਆ। ਐੱਸਪੀ (ਡੀ) ਰਣਧੀਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ’ਚੋਂ ਪਰਮਜੀਤ ਸਿੰਘ ਖ਼ਿਲਾਫ਼ 9 ਅਤੇ ਸੁਰਜੀਤ ਸਿੰਘ ਖ਼ਿਲਾਫ਼ 8 ਕੇਸ ਪਹਿਲਾਂ ਤੋਂ ਹੀ ਦਰਜ ਹਨ।