ਸੰਜੀਵ ਹਾਂਡਾ
ਫ਼ਿਰੋਜ਼ਪੁਰ, 12 ਜੁਲਾਈ
ਸਤਲੁਜ ਦਰਿਆ ਦਾ ਪਾਣੀ ਇਥੇ ਸਰਹੱਦ ਨਾਲ ਲੱਗਦੇ ਸੌ ਤੋਂ ਵੱਧ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ, ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤ ਲੋਕਾਂ ਦੇ ਰਹਿਣ ਲਈ ਕੀਤੇ ਗਏ ਇੰਤਜ਼ਾਮ ਨਾਕਾਫ਼ੀ ਸਾਬਤ ਹੋ ਰਹੇ ਹਨ। ਕੁਝ ਹੜ੍ਹ ਪੀੜਤ ਪਰਿਵਾਰਾਂ ਨੇ ਆਪਣੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ, ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਹਿਣ ਲਈ ਮਜਬੂਰ ਹਨ। ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਵੀ ਕਈ ਥਾਵਾਂ ਤੋਂ ਟੁੱਟ ਗਈ ਹੈ। ਇਸ ਤੋਂ ਪਹਿਲਾਂ ਇਸ ਜ਼ਿਲ੍ਹੇ ਅੰਦਰ ਅਜਿਹੀ ਸਥਿਤੀ 1988 ਵਿਚ ਪੈਦਾ ਹੋਈ ਸੀ।
ਦੱਸ ਦੇਈਏ ਕਿ 35 ਵਰ੍ਹੇ ਪਹਿਲਾਂ ਇਸ ਜ਼ਿਲ੍ਹੇ ਅੰਦਰ ਹੜ੍ਹ ਦਾ ਪਾਣੀ ਦਾਖ਼ਲ ਹੋਇਆ ਸੀ। ਉਦੋਂ ਪਾਣੀ ਨਾਲ ਸ਼ਹਿਰ ਦੇ ਕਈ ਹੇਠਲੇ ਇਲਾਕੇ ਵੀ ਡੁੱਬ ਗਏ ਸਨ। ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਪ੍ਰਸ਼ਾਸਨ ਵੱਲੋਂ ਜਿਹੜੇ ਰਾਹਤ ਕੈਂਪ ਬਣਾਏ ਗਏ ਹਨ, ਉਥੇ ਲੋਕਾਂ ਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ। ਪ੍ਰਸ਼ਾਸਨ ਨਾਲੋਂ ਜ਼ਿਆਦਾ ਕੰਮ ਪਿੰਡਾਂ ਦੇ ਲੋਕ ਆਪਸੀ ਤਾਲਮੇਲ ਨਾਲ ਨੇਪਰੇ ਚਾੜ੍ਹ ਰਹੇ ਹਨ।
ਸਤਲੁਜ ਦਰਿਆ ਵਿਚ ਕੱਲ੍ਹ ਦੋ ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਣ ਨਾਲ ਇਥੇ ਰੱਜੀ ਵਾਲਾ ਪਿੰਡ ਦੇ ਨਜ਼ਦੀਕ ਬਣਿਆ ਕੱਚਾ ਬੰਨ੍ਹ ਟੁੱਟ ਗਿਆ, ਜਿਸ ਨਾਲ ਸੈਂਕੜੇ ਏਕੜ ਜ਼ਮੀਨ ਵਿਚ ਖੜ੍ਹੀ ਝੋਨੇ ਦੀ ਫ਼ਸਲ ਸਣੇ ਕਈ ਘਰ ਡੁੱਬ ਗਏ। ਸਭ ਤੋਂ ਵੱਧ ਬਸਤੀ ਰਾਮ ਲਾਲ, ਰੁਕਨੇ ਵਾਲਾ, ਨਿਹਾਲਾ ਲਵੇਰਾ, ਬੰਡਾਲਾ, ਕਾਲੇ ਕੇ, ਜੱਲੋ ਕੇ, ਧੀਰਾ ਘਾਰਾ ਤੇ ਟੱਲੀ ਗ੍ਰਾਮ ਆਦਿ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਇਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਵਾਸਤੇ ਪੁਲੀਸ ਅਤੇ ਫੌਜ ਦੀ ਮਦਦ ਲਈ ਜਾ ਰਹੀ ਹੈ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਖ਼ਮਿਆਜ਼ਾ ਹੁਣ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਫ਼ਿਰੋਜ਼ਪੁਰ ਦੇ ਹੜ੍ਹ ਪੀੜਤਾਂ ਵਾਸਤੇ ਡੇਢ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ ਹੈ। ਪ੍ਰਭਾਵਿਤ ਪਿੰਡਾਂ ਦੇ ਲੋਕ ਪੰਜਾਬ ਸਰਕਾਰ ਨੂੰ ਸਤਲੁਜ ਦਰਿਆ ਵਿਚ ਹੋਰ ਪਾਣੀ ਨਾ ਛੱਡਣ ਦੀ ਅਪੀਲ ਕਰ ਰਹੇ ਹਨ।
ਸ਼ਹਿਰੀ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਸਰਹੱਦੀ ਪਿੰਡਾਂ ਦੇ ਦੌਰੇ ’ਤੇ ਹਨ। ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀੜਤ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।