ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਅਕਤੂਬਰ
ਪ੍ਰਮੁੱਖ ਭੂ-ਵਿਗਿਆਨਕ ਸੰਸਥਾ ਜੀਓਲੋਜੀਕਲ ਸਰਵੇ ਆਫ ਇੰਡੀਆ (ਜੀਐਸਆਈ) ਨੇ ਸੂਬੇ ’ਚ ਖਣਨ ਖੇਤਰ ਵਿੱਚ ਨਵਾਂ ਇਤਿਹਾਸ ਰਚਿਆ ਹੈ। ਫ਼ਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚੋਂ ਫ਼ਸਲਾਂ ਦੀ ਖਾਦ ਲਈ ਵਰਤਿਆ ਜਾਣ ਵਾਲੇ ਖਣਿਜ (ਪੋਟਾਸ਼) ਦਾ ਭੰਡਾਰ ਪਾਇਆ ਗਿਆ ਹੈ। ਇਸ ਨਾਲ ਰਾਜ ਦੇ ਖਜ਼ਾਨੇ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਰਾਜ ਦੇ ਖਾਣਾਂ ਤੇ ਭੂ-ਵਿਗਿਆਨ ਵਧੀਕ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਰਾਜ ਭੂ-ਵਿਗਿਆਨਕ ਪ੍ਰੋਗਰਾਮਿੰਗ ਬੋਰਡ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਜੀਐਸਆਈ ਅਧਿਕਾਰੀਆਂ ਨੇ ਪੰਜਾਬ ਦੇ ਫ਼ਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚੋਂ ਪੋਟਾਸ਼ ਮਿਲਣ ਦੀ ਗੱਲ ਸਾਂਝੀ ਕੀਤੀ ਹੈ। ਖਣਨ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੇਸ਼ ਵਿੱਚ ਹਰ ਸਾਲ ਲੱਖਾਂ ਟਨ ਖਣਿਜ ਦਰਾਮਦ ਹੁੰਦਾ ਹੈ। ਫਾਜ਼ਿਲਕਾ ਅਤੇ ਮੁਕਤਸਰ ਦੇ ਖੇਤਰ ਵਿੱਚ ਪੋਟਾਸ਼ ਦਾ ਭੰਡਾਰ ਪਾਇਆ ਗਿਆ ਹੈ, ਜੋ ਮੁੱਖ ਤੌਰ ’ਤੇ ਫ਼ਸਲੀ ਖਾਦਾਂ ਵਿੱਚ ਵਰਤਿਆ ਜਾਂਦਾ ਹੈ, ਜਿਸ ਦੀ ਕੀਮਤ 1,000 ਕਰੋੜ ਤੋਂ ਵੱਧ ਹੈ। ਇਸ ਪੋਟਾਸ਼ ਭੰਡਾਰ ਨਾਲ ਰਾਜ ਦੇ ਖਜ਼ਾਨੇ ਨੂੰ ਹੁਲਾਰਾ ਮਿਲੇਗਾ। ਇਸ ਨਾਲ ਪੰਜਾਬ, ਰਾਜਸਥਾਨ ਤੋਂ ਬਾਅਦ ਪੋਟਾਸ਼ ਦੇ ਭੰਡਾਰ ਰੱਖਣ ਵਾਲਾ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ ਅਤੇ ਇਸ ਨਾਲ ਰਾਜ ਦੇ ਖਣਨ ਖੇਤਰ ਵਿੱਚ ਇੱਕ ਨਵਾਂ ਅਧਿਆਏ ਖੁੱਲ੍ਹ ਜਾਵੇਗਾ।
ਜੀਐਸਆਈ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਰਾਜ ਦੇ ਭੂ-ਵਿਗਿਆਨਕ ਪ੍ਰੋਗਰਾਮਿੰਗ ਬੋਰਡ ਦੀ ਮੀਟਿੰਗ ਵਿੱਚ ਰਾਜ ਦੇ ਖਣਨ ਵਿਭਾਗ ਨਾਲ ਇਹ ਖਬਰ ਸਾਂਝੀ ਕੀਤੀ। ਜੀਐਸਆਈ ਅਧਿਐਨ ਨੇ 400-500 ਮੀਟਰ ਦੀ ਡੂੰਘਾਈ ’ਤੇ ਪੋਟਾਸ਼ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਇਹ ਖੋਜ ਪਿਛਲੇ ਇੱਕ ਸਾਲ ਤੋਂ ਚੱਲ ਰਹੀ ਸੀ। ਮਾਈਨਿੰਗ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜੀਐਸਆਈ ਟੀਮ ਖੋਜ ਨੂੰ ਪੂਰਾ ਕਰਨ ਵਿੱਚ ਕੁਝ ਮਹੀਨੇ ਹੋਰ ਸਮਾਂ ਲੱਗ ਸਕਦਾ ਹੈ ਇਸ ਬਾਅਦ ਹੀ ਇਹ ਸਾਈਟਾਂ ਪੰਜਾਬ ਸਰਕਾਰ ਨੂੰ ਸੌਂਪੇਗੀ। ਦੋ ਡੂੰਘੇ ਬੋਰ ਹੋਲ ਪੂਰੇ ਹੋ ਗਏ ਹਨ ਅਤੇ ਕੁਝ ਹੋਰ ਦੀ ਹੱਦ ਅਤੇ ਖਣਿਜ ਸਮਰੱਥਾ ਨੂੰ ਦਰਸਾਉਣ ਦੀ ਯੋਜਨਾ ਬਣਾਈ ਗਈ ਹੈ। ਜੀਓਲੋਜੀਕਲ ਸਰਵੇ ਆਫ ਇੰਡੀਆ (ਜੀਐਸਆਈ) ਦੀ ਸਥਾਪਨਾ 1851 ਵਿੱਚ ਮੁੱਖ ਤੌਰ ਤੇ ਰੇਲਵੇ ਲਈ ਕੋਲੇ ਦੇ ਭੰਡਾਰ ਲੱਭਣ ਲਈ ਕੀਤੀ ਗਈ ਸੀ। ਹੁਣ ਜੀਐਸਆਈ ਨਾ ਸਿਰਫ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੋੜੀਂਦੀ ਭੂ-ਵਿਗਿਆਨਕ ਜਾਣਕਾਰੀ ਦੇ ਭੰਡਾਰ ਵੱਜੋਂ ਵਿਕਸਤ ਹੋਈ ਸਗੋਂ ਅੰਤਰਰਾਸਟਰੀ ਪ੍ਰਸਿੱਧੀ ਦੀ ਸੰਸਥਾ ਦਾ ਦਰਜਾ ਵੀ ਪ੍ਰਾਪਤ ਕਰ ਚੁੱਕਾ ਹੈ। ਇਸ ਦਾ ਮੁੱਖ ਉਦੇਸ਼ ਜ਼ਮੀਨੀ ਸਰਵੇਖਣ, ਏਅਰ ਬੋਰਨ ਅਤੇ ਸਮੁੰਦਰੀ ਸਰਵੇਖਣਾਂ, ਖਣਿਜ ਖੋਜ ਅਤੇ ਜਾਂਚ, ਬਹੁ-ਅਨੁਸ਼ਾਸਨੀ ਭੂ-ਵਿਗਿਆਨਕ, ਭੂ-ਟੈਕਨੀਕਲ, ਭੂ-ਵਾਤਾਵਰਣ ਅਤੇ ਕੁਦਰਤੀ ਖਤਰੇ ਦੇ ਅਧਿਐਨ, ਗਲੇਸੀਓਲੋਜੀ, ਭੂਚਾਲ ਦੇ ਅਧਿਐਨ ਅਤੇ ਬੁਨਿਆਦੀ ਖੋਜਾਂ ਰਾਹੀਂ ਜਾਣਕਾਰੀ ਪ੍ਰਾਪਤ ਕਰਨਾ ਹੈ।