ਗਗਨਦੀਪ ਅਰੋੜਾ
ਲੁਧਿਆਣਾ, 10 ਨਵੰਬਰ
ਕਰੋਨਾ ਕਾਰਨ ਕੰਮ ਧੰਦਿਆਂ ਵਿੱਚ ਮੰਦਾ ਹੋਣ ਦਾ ਰੋਲਾ ਪਾਉਣ ਵਾਲੇ ਸਮਾਰਟ ਸਿਟੀ ਲੁਧਿਆਣਾ ਦੇ ਲੋਕਾਂ ’ਤੇ ਨਗਰ ਨਿਗਮ ਨੇ ਆਪਣੇ ਖਜ਼ਾਨਾ ਭਰਨ ਲਈ ਇੱਕ ਨਵਾਂ ਬੋਝ ਪਾ ਦਿੱਤਾ ਹੈ। ਇਸ ਵਾਰ ਮਾਰ ਪਈ ਹੈ ਮੱਧ ਵਰਗੀ ਪਰਿਵਾਰਾਂ ’ਤੇ। ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ 50 ਤੋਂ 125 ਗਜ਼ ’ਚ ਬਣੇ ਡਬਲ ਸਟੋਰੀ ਘਰਾਂ ਤੋਂ ਪਾਣੀ ਸੀਵਰੇਜ ਦਾ ਬਿੱਲ ਵਸੂਲਣ ਦੇ ਮੱਤੇ ਨੂੰ ਪਾਸ ਕਰ ਦਿੱਤਾ ਹੈ। ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਵਿੱਚ ਕੌਂਸਲਰਾਂ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਸ਼ਹਿਰ ਦੇ ਕਰੀਬ ਇੱਕ ਲੱਖ ਘਰਾਂ ’ਤੇ 1200 ਰੁਪਏ ਸਾਲਾਨਾ ਬੋਝ ਵੱਧ ਜਾਏਗਾ। ਜਦਕਿ ਇਸ ਤੋਂ ਪਹਿਲਾਂ ਨਗਰ ਨਿਗਮ ਲੁਧਿਆਣਾ ਵਿਚ 125 ਗਜ ਤੱਕ ਦੇ ਮਕਾਨਾਂ ਨੂੰ ਪਾਣੀ ਤੇ ਸੀਵਰੇਜ ਦਾ ਬਿੱਲ ਮੁਆਫ਼ ਸੀ। ਉਧਰ, ਅੱਜ ਹੋਈ ਮੀਟਿੰਗ ਵਿਚ ਕਈ ਮੁੱਦਿਆਂ ਨੂੰ ਲੈ ਕੇ ਹੰਗਾਮਾ ਹੋਇਆ, ਮਹਿਲਾ ਕਾਂਗਰਸੀ ਕੌਂਸਲਰ ਹੀ ਪਾਰਕ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੇ ਮੁੱਦੇ ਨੂੰ ਲੈ ਕੇ ਇੱਕ ਦੂਜੇ ਦੇ ਆਹਮੋਂ ਸਾਹਮਣੇ ਹੋ ਗਈਆਂ। ਜਿਸ ਕਾਰਨ 15 ਤੋਂ 20 ਮਿੰਟ ਹਾਊਸ ਦੀ ਮੀਟਿੰਗ ਵਿਚ ਹੰਗਾਮਾ ਹੁੰਦਾ ਰਿਹਾ, ਵਿਰੋਧੀ ਧਿਰ ਦੇ ਆਗੂ ਕੁਰਸੀ ਛੱਡ ਕੇ ਥੱਲੇ ਬੈਠ ਗਏ ਤੇ ਉਨ੍ਹਾਂ ਨੇ ਆਪਣਾ ਵਿਰੋਧ ਜਾਹਿਰ ਕੀਤਾ। ਅੱਜ ਸ਼ਾਮ ਨੂੰ ਮੇਅਰ ਬਲਕਾਰ ਸਿੰਘ ਸੰਧੂ ਤੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਵਿਚ ਹਾਊਸ ਦੀ ਮੀਟਿੰਗ ਸ਼ੁਰੂ ਹੋਈ। ਕਰੋਨਾ ਕਾਰਨ ਪਿਛਲੇ 8 ਮਹੀਨੇ ਤੋਂ ਹਾਊਸ ਦੀ ਮੀਟਿੰਗ ਨਹੀਂ ਹੋਈ ਸੀ। ਜਿਸ ਤੋਂ ਬਾਅਦ ਅੱਜ ਦੀ ਮੀਟਿੰਗ ਵਿਚ ਵਿਰੋਧੀ ਧਿਰਾਂ ਵੱਲੋਂ ਕਾਫ਼ੀ ਹੰਗਾਮਾ ਕਰਨ ਦੇ ਚਰਚੇ ਸੀ, ਪਰ ਵਿਰੋਧੀ ਧਿਰਾਂ ਦੀ ਬਜਾਏ ਕਾਂਗਰਸੀ ਕੌਂਸਲਰ ਹੀ ਇੱਕ ਦੂਜੇ ਦਾ ਨਾਲ ਬਹਿਸ ਕਰਦੇ ਨਜ਼ਰ ਆਏ। 21 ਦਿਨ ਬਾਅਦ ਇਸ ਫੈਸਲੇ ’ਤੇ ਮੋਹਰ ਲੱਗਦੇ ਹੀ ਸੀਵਰੇਜ ਤੇ ਪਾਣੀ ਦੀਆਂ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ’ਚ 50 ਤੋਂ 125 ਗਜ਼ ਤੱਕ ਬਣੇ ਘਰਾਂ ਨੂੰ ਪਹਿਲਾਂ ਸੀਵਰੇਜ਼ ਤੇ ਪਾਣੀ ਸਪਲਾਈ ਦੇ ਲਈ ਕੋਈ ਪੈਸਾ ਨਹੀਂ ਦੇਣਾ ਪੈ ਰਿਹਾ ਸੀ। ਪਰ ਹੁਣ ਨਗਰ ਨਿਗਮ ਦੇ ਇਸ ਫੈਸਲੇ ਤੋਂ ਬਾਅਦ ਇੱਕ ਲੱਖ ਤੋਂ ਵੱਧ ਘਰਾਂ ਦੇ ਮਾਲਕਾਂ ਉਤੇ ਵਾਧੂ ਬੋਝ ਪੈ ਗਿਆ ਹੈ। ਇਸ ਫੈਸਲੇ ਮੁਤਾਬਕ ਜੇਕਰ ਕਿਸੇ ਵਿਅਕਤੀ ਦਾ ਘਰ 50 ਗਜ਼ ’ਚ ਬਣਿਆ ਹੈ ਤੇ ਇੱਕ ਮੰਜ਼ਿਲ ਦਾ ਹੈ ਉਸਨੂੰ ਸੀਵਰੇਜ ਪਾਣੀ ਦਾ ਬਿੱਲ ਮਾਫ਼ੀ ਰਹੇਗਾ। 50 ਤੋਂ 125 ਗਜ਼ ਤੱਕ ਜੇਕਰ ਦੋ ਮੰਜ਼ਿਲਾਂ ਘਰ ਬਣਿਆ ਹੈ ਤਾਂ ਉਸਨੂੰ ਹੁਣ 100 ਰੁਪਏ ਪ੍ਰਤੀ ਮਹੀਨਾ ਦੇਣਾ ਪਵੇਗਾ। 125 ਗਜ਼ ਤੋਂ 250 ਗਜ਼ ਤੱਕ ਬਣੇ ਘਰਾਂ ਨੂੰ ਹੁਣ 175 ਰੁਪਏ ਪ੍ਰਤੀ ਮਹੀਨੇ, 250 ਗਜ਼ ਤੋਂ 500 ਗਜ਼ ਤੱਕ ਬਣੇ ਘਰਾਂ ਨੂੰ 225 ਰੁਪਏ ਪ੍ਰਤੀ ਮਹੀਨਾ ਦੇਣਾ ਪਵੇਗਾ। ਉਧਰ 500 ਗਜ਼ ਤੋਂ ਉਪਰ ਬਣੇ ਘਰਾਂ ’ਚ ਵਾਟਰ ਮੀਟਰ ਲਾਇਆ ਜਾਵੇਗਾ, ਜੋ ਕਿ ਜ਼ਰੂਰੀ ਹੋਵੇਗਾ। ਉਨ੍ਹਾਂ ਨੂੰ ਪਹਿਲਾਂ 20 ਕਿਲੋਲੀਟਰ ਪਾਣੀ ਵਰਤਣ ’ਤੇ 2 ਰੁਪਏ ਪ੍ਰਤੀ ਲਿਟਰ ਅਦਾ ਕਰਨੇ ਪੈਣਗੇ। 21 ਕਿਲੋਲਿਟਰ ਤੋਂ 30 ਕਿਲੋਲਿਟਰ ਪਾਣੀ ਵਰਤਣ ’ਤੇ 40 ਰੁਪਏ ਦੇ ਨਾਲ 5 ਰੁਪਏ ਪ੍ਰਤੀ ਕਿਲੋਲਿਟਰ ਪੈਸੇ ਦੇਣੇ ਪੈਣਗੇ।
ਇਸ ਤੋਂ ਇਲਾਵਾ ਏਜੰਡੇ ਵਿਚ ਬੁੱਢੇ ਨਾਲੇ ਦੀ ਸਫ਼ਾਈ ਲਈ ਨਵਾਂ ਠੇਕਾ ਦੇਣਾ, ਤਰਸ ਦੇ ਆਧਾਰ ’ਤੇ ਮੁਲਾਜ਼ਮਾਂ ਨੂੰ ਨੌਕਰੀ ਦੇਣਾ, ਸ਼ਹਿਰ ਵਿਚ ਲੱਗ ਰਹੇ ਨਜਾਇਜ਼ ਬੋਰਡਾਂ ’ਤੇ ਜੁਰਮਾਨੇ ਲਗਾਉਣ ਦੇ ਮੱਤੇ ਨੂੰ ਹਰੀ ਝੰਡੀ ਦੇ ਦਿੱਤੀ ਗਈ।