ਮੁੱਖ ਅੰਸ਼
- ਧੂਰੀ ਦੇ ਨਿੱਜੀ ਸਕੂਲ ’ਚ ਵਾਪਰੀ ਘਟਨਾ
- ਬਾਰ੍ਹਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ’ਤੇ ਲੱਗੇ ਦੋਸ਼
-
ਪੁਲੀਸ ਵੱਲੋਂ ਜਾਂਚ ਸ਼ੁਰੂ
ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 4 ਅਪਰੈਲ
ਧੂਰੀ ਸ਼ਹਿਰ ਨੇੜਲੇ ਪਿੰਡ ਧੂਰਾ ਦੇ ਪ੍ਰਾਈਵੇਟ ਸਕੂਲ ਵਿਚ ਬਾਰ੍ਹਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਵੱਲੋਂ ਪੰਜਵੀਂ ਜਮਾਤ ਦੇ ਬੱਚੇ ਨੂੰ ਕਥਿਤ ਤੌਰ ’ਤੇ ਨੰਗਾ ਕਰਨ ਮਗਰੋਂ ਪੁੱਠਾ ਟੰਗ ਕੇ ਕੁੱਟਮਾਰ ਕਰ ਕੀਤੀ ਗਈ। ਪੀੜਤ ਨੇ ਦੋਸ਼ ਲਾਇਆ ਉਸ ਦੇ ਗੁਪਤ ਅੰਗਾਂ ਨੂੰ ਦਬਾਇਆ ਗਿਆ ਹੈ। ਦਰਦ ਤੋਂ ਪੀੜਤ ਬੱਚੇ ਨੂੰ ਮਾਪਿਆਂ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਸਿਵਲ ਹਸਪਤਾਲ ’ਚ ਦਾਖ਼ਲ ਬੱਚੇ ਦੇ ਪਿਤਾ ਬਲਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿੰਡ ਧੂਰਾ ਦੇ ਪ੍ਰਾਈਵੇਟ ਸਕੂਲ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੰਘੇ ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦਾ ਪੁੱਤਰ ਸਕੂਲ ਵਿਚ ਬਾਥਰੂਮ ਗਿਆ ਤਾਂ ਬਾਰ੍ਹਵੀਂ ਦੇ ਤਿੰਨ ਵਿਦਿਆਰਥੀਆਂ ਬਾਥਰੂਮ ਵਿੱਚ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਨੰਗਾ ਕਰ ਕੇ ਪੁੱਠਾ ਲਟਕਾ ਦਿੱਤਾ। ਦਰਦ ਤੋਂ ਪ੍ਰੇਸ਼ਾਨ ਪੀੜਤ ਨੇ ਇਸ ਘਟਨਾ ਬਾਰੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ। ਬਲਰਾਮ ਨੇ ਦੱਸਿਆ ਕਿ ਉਹ ਕਿਸੇ ਕੰਮ ਘਰ ਤੋਂ ਬਾਹਰ ਸੀ, ਇਸ ਲਈ ਉਸ ਦੀ ਪਤਨੀ ਸ਼ਨਿਚਰਵਾਰ ਨੂੰ ਬੱਚੇ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਈ ਸੀ ਜਿਸ ਦੀ ਦਵਾਈ ਨਾਲ ਬੱਚਾ ਠੀਕ ਨਾ ਹੋਇਆ। ਉਹ ਜਦੋਂ ਘਰ ਆਇਆ ਤਾਂ ਉਨ੍ਹਾਂ ਦਾ ਪੁੱਤਰ ਦਰਦ ਨਾਲ ਰੋ ਰਿਹਾ ਸੀ ਅਤੇ ਚੱਕਰ ਆਉਣ ਕਰ ਕੇ ਡਿੱਗ ਪਿਆ। ਇਸ ਮਗਰੋਂ ਉਹ ਬੱਚੇ ਨੂੰ ਧੂਰੀ ਦੇ ਸਿਵਲ ਹਸਪਤਾਲ ਵਿਚ ਲੈ ਕੇ ਗਏ। ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਲਈ ਰੈੱਫਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਲੜਕਿਆਂ ਨੂੰ ਪੁੱਛਿਆ ਜਾਵੇ ਕਿ ਉਸ ਦੇ ਬੱਚੇ ਨਾਲ ਅਜਿਹਾ ਕਿਉਂ ਕੀਤਾ ਗਿਆ ਹੈ। ਘਟਨਾ ਲਈ ਜ਼ਿੰਮੇਵਾਰ ਲੜਕਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਤਿੰਨਾਂ ਲੜਕਿਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਬੁਲਾ ਕੇ ਘਟਨਾ ਤੋਂ ਜਾਣੂ ਕਰਵਾ ਦਿੱਤਾ ਹੈ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਇੰਚਾਰਜ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੇ ਦੇ ਬਿਆਨ ਦਰਜ ਕਰ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।