ਮਹਿੰਦਰ ਸਿੰਘ ਰੱਤੀਆਂ
ਮੋਗਾ 15 ਅਕਤੂਬਰ
ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਕੇ ਮਾਨਸਾ ਤੋਂ ਪਰਤ ਰਹੇ ਇਪਟਾ ਦੀ ਮੋਗਾ ਇਕਾਈ ਦੇ ਤਿੰਨ ਰੰਗਕਰਮੀਆਂ ਅਵਤਾਰ ਚੜਿੱਕ, ਗੁਰਤੇਜ ਸਫ਼ਰੀ ਅਤੇ ਵੀਰਪਾਲ ਕੌਰ ਨਾਲ ਬਦਤਮੀਜ਼ੀ ਕਰਨ ਵਾਲਿਆਂ ਨੂੰ ਆਖਰ ਲੋਕ ਏਕੇ ਅੱਗੇ ਝੁਕ ਕੇ ਮੁਆਫ਼ੀ ਮੰਗਣੀ ਪਈ ਹੈ। ਇਨ੍ਹਾਂ ਰੰਗਕਰਮੀਆਂ ਨੂੰ ਰੇਲਵੇ ਸਟੇਸ਼ਨ ਨੇੜਿਓਂ ਬਿਨਾਂ ਨੇਮ ਪਲੇਟ ਕਥਿਤ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਦੋ ਮੁਲਾਜ਼ਮਾਂ ਵੱਲੋਂ ਘੇਰ ਕੇ ਬਦਤਮੀਜ਼ੀ ਕਰਨ, ਬਿਨਾਂ ਮਹਿਲਾ ਪੁਲੀਸ ਤੋਂ ਰੰਗਕਰਮੀ ਵੀਰਪਾਲ ਕੌਰ ਸਮੇਤ ਦੋਵੇਂ ਰੰਗਕਰਮੀਆਂ ਨੂੰ ਧੱਕੇ ਨਾਲ ਥਾਣੇ ਲਿਜਾਉਣ ਖ਼ਿਲਾਫ਼ ਇਪਟਾ ਪੰਜਾਬ ਦੇ ਸਕੱਤਰ ਵਿੱਕੀ ਮਹੇਸ਼ਰੀ ਦੀ ਅਗਵਾਈ ਹੇਠ ਰੰਗਕਰਮੀਆਂ, ਕਲਾਕਾਰਾਂ ਅਤੇ ਕਲਮਕਾਰਾਂ ਨੇ ਮਾਡਲ ਥਾਣਾ ਸਿਟੀ ਮੋਗਾ ਦਾ ਘਿਰਾਓ ਕਰਕੇ ਪੁਲੀਸ ਵਧੀਕੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੰਗਕਰਮੀਆਂ ਨਾਲ ਬਦਸਲੂਕੀ ਅਤੇ ਗ਼ੈਰ ਇਖ਼ਲਾਕੀ ਵਤੀਰੇ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਇਪਟਾ ਕਲਾਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਸੀਪੀਓ ਨੂੰ ਪੁਲੀਸ ਦੀ ਮੌਜੂਦਗੀ ’ਚ ਜਨਤਕ ਤੌਰ ਉੱਤੇ ਮੁਆਫ਼ੀ ਮੰਗਣੀ ਪਈ।
ਜਨਤਕ ਜਥੇਬੰਦੀ ਆਗੂ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਏਐੱਸਆਈ ਨੇ ਸੀਪੀਓ ਨੂੰ ਜਨਤਕ ਇਕੱਠ ’ਚ ਪੇਸ਼ ਕੀਤਾ ਸੀ, ਜਿਥੇ ਉਸ ਨੇ ਮੁਆਫ਼ੀ ਮੰਗ ਲਈ ਅਤੇ ਪੁਲੀਸ ਵੱਲੋਂ ਭਰੋਸਾ ਦਿੱਤਾ ਗਿਆ ਅੱਗੇ ਤੋਂ ਅਜਿਹੀ ਗਲਤੀ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਡੀਐੱਸਪੀ ਸਿਟੀ ਗੁਰਬਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਨਾਟਕ ਟੀਮ ਨੂੰ ਸੀਪੀਓ ਥਾਣੇ ’ਚ ਲੈ ਕਿ ਗਿਆ ਸੀ ਜੋ ਉਸ ਦੀ ਬੱਜਰ ਗਲਤੀ ਸੀ। ਉਨ੍ਹਾਂ ਕਿਹਾ ਕਿ ਸੀਪੀਓ ਦੀ ਖਾਕੀ ਵਰਦੀ ਪਾਈ ਹੋਣ ਕਰਕੇ ਨਾਟਕ ਟੀਮ ਉਸ ਨੂੰ ਪੁਲੀਸ ਮੁਲਾਜ਼ਮ ਸਮਝ ਰਹੀ ਸੀ। ਉਨ੍ਹਾਂ ਕਿਹਾ ਕਿ ਜੇ ਜਨਤਕ ਜਥੇਬੰਦੀਆਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇਣਗੀਆਂ ਤਾਂ ਪੁਲੀਸ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਹੋਰ ਕਾਰਕੁਨਾਂ ਨੇ ਪੁਲੀਸ ਮੁਲਾਜ਼ਮਾਂ ਦੇ ਵਤੀਰੇ ਦੀ ਘੋਰ ਨਿਖੇਧੀ ਕਰਦੇ ਕਿਹਾ ਕਿ ਰੰਗਕਰਮੀਆਂ ਨੂੰ ਥਾਣੇ ਲਿਜਾ ਕੇ ਪੁਲੀਸ ਦੇ ਕਲੇਜੇ ਵਿੱਚ ਠੰਢ ਨਹੀਂ ਪਈ ਬਲਕਿ ਥਾਣੇ ਵਿੱਚ ਪਹਿਲਾਂ ਤੋਂ ਮੌਜੂਦ ਸ਼ਰਾਬ ਨਸ਼ੇ ਟੱਲੀ ਵਿੱਚ ਹੋਰਨਾਂ ਪੁਲੀਸ ਮੁਲਾਜ਼ਮ ਨੇ ਵੀ ਨਾਟ ਕਰਮੀਆਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਨਾਟਕਾਂ ਨੂੰ ‘ਕੰਜਰਖ਼ਾਨਾ’ ਅਤੇ ਨਾਟਕਰਮੀ ਵੀਰਪਾਲ ਕੌਰ ਨੂੰ ‘ਤੇਰੇ ਵਰਗੀਆਂ’ ਕਹਿਣਾ ਨਾਟਕ ਤੇ ਔਰਤ ਵਰਗ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਰੰਗਕਰਮੀ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਹਿਲਾ ਰੰਗ ਕਰਮੀਆਂ ਦਾ ਅਪਰਾਧ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।