ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਸਤੰਬਰ
ਪੈਰੋਲ ’ਤੇ ਆ ਵਾਪਸ ਜੇਲ੍ਹ ਨਾ ਮੁੜਨ ਵਾਲੇ ਇੱਕ ਕੈਦੀ ਵਿਰੁੱਧ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਗੁੱਡ ਕੰਡਕਟ ਪ੍ਰਿਜ਼ਨ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਗੁਰਮੀਤ ਸਿੰਘ ਉਰਫ ਗੋਗੀ ਨੂੰ ਫ਼ਤਹਿਗੜ੍ਹ ਸਾਹਿਬ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ 10 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਸੀ ਤੇ ਉਕਤ ਵਿਅਕਤੀ ਨਾਭਾ ਜੇਲ੍ਹ ’ਚ ਸਜ਼ਾ ਕੱਟ ਰਿਹਾ ਸੀ। ਉਸ ਨੂੰ ਚਾਰ ਹਫ਼ਤਿਆਂ ਦੀ ਪੈਰੋਲ ’ਤੇ ਜੇਲ ਪ੍ਰਸ਼ਾਸ਼ਨ ਵੱਲੋਂ ਰਿਹਾਅ ਕੀਤਾ ਗਿਆ ਸੀ ਪਰ ਉਕਤ ਵਿਅਕਤੀ ਮਿੱਥੇ ਸਮੇਂ ’ਤੇ ਛੁੱਟੀ ਕੱਟ ਕੇ ਵਾਪਸ ਜੇਲ੍ਹ ਨਹੀਂ ਪਹੁੰਚਿਆ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਗੁਰਮੀਤ ਸਿੰਘ ਉਰਫ ਗੋਗੀ ਵਾਸੀ ਪਿੰਡ ਭਾਗਨਪੁਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।