ਅਜੈ ਮਲਹੋਤਰਾ
ਬਸੀ ਪਠਾਣਾਂ, 16 ਜੂਨ
ਸਥਾਨਕ ਪੁਲੀਸ ਨੇ ਦੋ ਨੌਜਵਾਨਾਂ ਅਤੇ ਉਨ੍ਹਾਂ ਦੇ ਦਾਦੇ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਰਣਜੋਧ ਸਿੰਘ, ਗੁਰਕੀਰਤ ਸਿੰਘ ਉਰਫ ਗੋਲਾ, ਤੇਜਿੰਦਰ ਸਿੰਘ ਉਰਫ ਰਵੀ ਅਤੇ ਕਾਲੂ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਕਰਨਪ੍ਰੀਤ ਸਿੰਘ ਵਾਸੀ ਮੁਹੱਲਾ ਜਰਖੇਲਾਂ ਖੇੜੀ ਬਸੀ ਪਠਾਣਾਂ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਲਵਪ੍ਰੀਤ ਸਿੰਘ ਨਾਲ ਰਾਤ 11.30 ਵਜੇ ਦੇ ਕਰੀਬ ਘਰ ਜਾ ਰਿਹਾ ਸੀ ਕਿ ਮੁਹੱਲਾ ਜਰਖੇਲਾਂ ਖੇੜੀ ਵਿੱਚ ਰਹਿੰਦੇ ਰਣਜੋਧ ਸਿੰਘ ਦੇ ਘਰ ਦੇ ਸਾਹਮਣੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਉਨ੍ਹਾਂ ਮੌਕੇ ’ਤੇ ਆਪਣੇ ਦਾਦਾ ਮੋਹਨ ਸਿੰਘ ਅਤੇ ਭਰਾ ਹਰਪ੍ਰੀਤ ਸਿੰਘ ਨੂੰ ਵੀ ਬੁਲਾ ਲਿਆ ਜਿਨ੍ਹਾਂ ਦੀ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਮਲੇ ਵਿੱਚ ਉਸ ਦਾ ਦਾਦਾ ਜ਼ਖ਼ਮੀ ਹੋ ਗਿਆ , ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਦਾ ਦਾਦਾ ਮੋਹਨ ਸਿੰਘ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿੱਚ ਦਾਖਲ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦੇ ਭਰਾ ਲਵਪ੍ਰੀਤ ਸਿੰਘ ਦੀ ਦੂਸਰੀ ਧਿਰ ਦੇ ਇੱਕ ਵਿਅਕਤੀ ਦੀ ਲੜਕੀ ਨਾਲ ਦੋਸਤੀ ਸੀ, ਜਿਸ ਦੀ ਰੰਜਿਸ਼ ਵਜੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।