ਰਾਜਨ ਮਾਨ
ਰਮਦਾਸ, 9 ਫਰਵਰੀ
ਸਰਹੱਦੀ ਪਿੰਡਾਂ ਵਿੱਚ ਕੱਖਾਂ ਦੀਆਂ ਕੁੱਲੀਆਂ ਵਿੱਚ ਰਹਿ ਰਹੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਚੋਣਾਂ ਸਮੇਂ ਸਿਆਸਤਦਾਨਾਂ ਵੱਲੋਂ ਦਿੱਤੇ ਜਾਂਦੇ ਲਾਰਿਆਂ ਦੇ ਪਰਾਗੇ ਭਰ ਕੇ ਆਪਣੇ ਆਸਾਂ ਦੇ ਛੱਜ ਵਿੱਚ ਬੈਠੇ ਛੱਟਦੇ ਆ ਰਹੇ ਹਨ ਪਰ ਇਨ੍ਹਾਂ ਦੀ ਝੋਲੀ ਵਿੱਚ ਹਮੇਸ਼ਾਂ ਨਿਰਾਸ਼ਾ ਹੀ ਪਈ ਹੈ।
ਇਨ੍ਹਾਂ ਪਿੰਡਾਂ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਇਹ ਲੋਕ ਕਈ ਦਹਾਕਿਆਂ ਤੋਂ ਕੱਖਾਂ ਦੀਆਂ ਕੁੱਲੀਆਂ ਤੇ ਕੱਚੇ ਘਰਾਂ ਵਿੱਚ ਰਹਿ ਰਹੇ ਹਨ। ਸਰਕਾਰਾਂ ਵੱਲੋਂ ਪਿੰਡਾਂ ਵਿੱਚ ਗ਼ਰੀਬਾਂ ਨੂੰ ਪੱਕੇ ਘਰ ਤੇ ਪਖਾਨੇ ਬਣਾ ਕੇ ਦੇਣ ਦੇ ਵਾਅਦੇ ਇਨ੍ਹਾਂ ਵਾਸਤੇ ਵਫ਼ਾ ਨਹੀਂ ਹੋਏ। ਇਹ ਲੋਕ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਇਲਾਵਾ ਹੋਰ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਖ਼ਰਾਬ ਮੌਸਮ ਇਨ੍ਹਾਂ ਲਈ ਨਵੀਂ ਮੁਸੀਬਤ ਖੜ੍ਹੀ ਕਰਦਾ ਹੈ।
ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦ ਨਾਲ ਲੱਗਦੇ ਪਿੰਡ ਤੇੜਾ ਰਾਜਪੂਤਾਂ ਦੇ ਬਾਹਰ ਸੜਕ ਕਿਨਾਰੇ ਕੱਖਾਂ ਦੀ ਕੁੱਲੀ ਵਿੱਚ ਜ਼ਿੰਦਗੀ ਬਸਰ ਕਰ ਰਹੇ 75 ਵਰ੍ਹਿਆਂ ਦੇ ਬਜ਼ੁਰਗ ਜੋੜੇ ਸੁਰਜੀਤ ਕੌਰ ਤੇ ਹੀਰਾ ਸਿੰਘ ਦੀ ਦਾਸਤਾਨ ਹਾਕਮਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ।
ਇਸ ਜੋੜੇ ਨੇ ਦੱਸਿਆ ਕਿ ਵੋਟਾਂ ਦੇ ਦਿਨਾਂ ਵਿੱਚ ਹਰ ਪਾਰਟੀ ਵਾਲੇ ਉਨ੍ਹਾਂ ਕੋਲ ਵੋਟ ਮੰਗਣ ਆਉਂਦੇ ਹਨ। ਪੱਕਾ ਘਰ ਤੇ ਰਾਸ਼ਨ-ਪਾਣੀ ਦੇਣ ਦੇ ਵਾਅਦੇ ਕਰਦੇ ਹਨ ਜੋ ਕਦੇ ਵਫ਼ਾ ਨਹੀਂ ਹੋਏ। ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਕੁਝ ਸਾਲ ਪਹਿਲਾਂ ਅਧਰੰਗ ਹੋ ਗਿਆ ਸੀ ਹੁਣ ਉਹ ਬਿਮਾਰ ਰਹਿੰਦਾ ਹੈ ਪਰ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ। ਉਸ ਨੇ ਦੱਸਿਆ ਕਿ ਕੋਈ ਭਲਾ ਬੰਦਾ ਉਨ੍ਹਾਂ ਦੀ ਕੁੱਲੀ ਉੱਪਰ ਤਰਪਾਲ ਪਾ ਕੇ ਦੇ ਗਿਆ ਹੈ।
ਇਸੇ ਤਰ੍ਹਾਂ ਛੋਟੇ ਜਿਹੇ ਟੈਂਟ ਵਿੱਚ ਜ਼ਿੰਦਗੀ ਬਸਰ ਕਰ ਰਹੇ ਪਿੰਡ ਲਾਟੂਆਂ ਦੀਆਂ ਛੰਨਾਂ ਦੇ ਸ਼ਿੰਦੇ ਦੀ ਝੋਲੀ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਵੋਟਾਂ ਦੇ ਸਮੇਂ ਲਾਰੇ ਹੀ ਪੈਂਦੇ ਆ ਰਹੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ 45 ਸਾਲ ਤੋਂ ਇੱਥੇ ਰਹਿ ਰਿਹਾ ਹੈ। ਘਰ ਨਾ ਹੋਣ ਕਰ ਕੇ ਉਸ ਦਾ ਪਰਿਵਾਰ ਵੀ ਉਸ ਨੂੰ ਛੱਡ ਕੇ ਚਲਾ ਗਿਆ ਹੈ। ਉਹ ਇਸ ਟੈਂਟ ਵਿੱਚ ਹੀ ਸੌਂਦਾ ਤੇ ਪਕਾਉਂਦਾ ਹੈ। ਮੀਂਹ ਹਨੇਰੀ ਵਿੱਚ ਵੀ ਇਸ ਅੰਦਰ ਹੀ ਦਿਨ ਕੱਟਦਾ ਹੈ।
ਇਸੇ ਪਿੰਡ ਦੀ ਕਰਮ ਕੌਰ ਕੋਲ ਇੱਕ ਕੱਚਾ ਕੋਠਾ ਹੈ ਜਿਸ ਛੱਤ ਟੁੱਟ ਚੁੱਕੀ ਹੈ। ਉਹ ਕੋਠੇ ਦੇ ਨਾਲ ਕੱਖਾਂ ਦੀ ਕੁੱਲੀ ਵਿੱਚ ਪੰਜ ਬੱਚਿਆਂ ਤੇ ਪਤੀ ਨਾਲ ਜ਼ਿੰਦਗੀ ਕੱਟ ਰਹੀ ਹੈ। ਕਰਮ ਕੌਰ ਦੀਆਂ ਤਿੰਨ ਧੀਆਂ ਤੇ ਦੋ ਲੜਕੇ ਹਨ। ਉਸ ਨੇ ਦੱਸਿਆ ਕਿ ਸਿਆਸਤਦਾਨ ਹਰ ਵਾਰ ਲਾਰੇ ਲਾ ਕੇ ਚਲੇ ਜਾਂਦੇ ਹਨ, ਮੁੜ ਅਗਲੀਆਂ ਵੋਟਾਂ ਵੇਲੇ ਹੀ ਆਉਂਦੇ ਹਨ। ਧੀਆਂ ਮੁਟਿਆਰਾਂ ਹੋ ਗਈਆਂ ਹਨ ਪਰ ਗ਼ਰੀਬੀ ਕਾਰਨ ਬੱਚੇ ਪੜ੍ਹ ਨਹੀਂ ਸਕੇ। ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਵੀ ਸਰਕਾਰੀ ਪਖ਼ਾਨਾ ਨਹੀਂ ਹੈ।
ਇਸੇ ਤਰ੍ਹਾਂ ਡੱਲਾ ਰਾਜਪੂਤਾਂ ਦੀਆਂ ਛੰਨਾਂ ਵਿੱਚ ਕੱਖਾਂ ਦੀ ਕੁੱਲੀ ਵਿੱਚ ਰਹਿੰਦੀ ਬਜ਼ੁਰਗ ਛਿੰਦੋ ਦੀ ਹਾਲਤ ਵੀ ਤਰਸਯੋਗ ਹੈ। ਇਸੇ ਹੀ ਪਿੰਡ ਦਾ ਬਾਊ ਸਿੰਘ ਵੀ ਦਹਾਕਿਆਂ ਤੋਂ ਤਿੰਨ ਧੀਆਂ, ਇੱਕ ਪੁੱਤ ਤੇ ਪਤਨੀ ਨਾਲ ਘਾਹ ਫੂਸ ਦੀ ਛੱਤ ਵਾਲੇ ਕੱਚੇ ਘਰ ਵਿਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੋਈ ਸਕੂਲ ਨਾ ਹੋਣ ਕਰ ਕੇ ਬੱਚੇ ਪੜ੍ਹਨ ਤੋਂ ਵਾਂਝੇ ਰਹਿ ਗਏ ਹਨ।