ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ
ਦੁਨੀਆ ਭਰ ਵਿੱਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ 105 ਸਾਲਾ ਅਥਲੀਟ ਬੇਬੇ ਮਾਨ ਕੌਰ ਨੂੰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ‘ਬੇਬੇ’ ਨੂੰ ਖੇਡ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਸ਼ਰਧਾਂਜਲੀ ਦੇਣ ਪੁੱਜੀਆਂ ਪਰ ਕੇਂਦਰ, ਸੂਬਾ ਸਰਕਾਰ ਜਾਂ ਯੂਟੀ ਪ੍ਰਸ਼ਾਸਨ ਸ਼ਰਧਾਂਜਲੀ ਦੇਣਾ ਭੁੱਲ ਗਏ, ਜਿਨ੍ਹਾਂ ਦਾ ਕੋਈ ਅਧਿਕਾਰੀ ਅਤੇ ਮੰਤਰੀ ਸਸਕਾਰ ਮੌਕੇ ਨਾ ਪੁੱਜਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜ਼ਰੂਰ ਪਹੁੰਚੇ ਪਰ ਹੋਰ ਰਾਜਨੀਤਕ ਪਾਰਟੀਆਂ ਦੇ ਆਗੂ ਗੈਰਹਾਜ਼ਰ ਰਹੇ।
ਬੇਬੇ ਮਾਨ ਕੌਰ ਪਿੰਡ ਦੇਵੀ ਨਗਰ ਸਥਿਤ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ 7 ਜੁਲਾਈ, 2021 ਤੋਂ ਕੈਂਸਰ ਦੀ ਬਿਮਾਰੀ ਕਾਰਨ ਇਲਾਜ ਅਧੀਨ ਸਨ। ਉਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਅਤੇ ਅੱਜ ਬੀਬੀ ਮਾਨ ਕੌਰ ਦੇਹ ਨੂੰ ਸੈਕਟਰ-40 ਵਿੱਚ ਸਥਿਤ ਉਨ੍ਹਾਂ ਦੇ ਪੁੱਤ ਦੇ ਘਰ ਲਿਆਂਦਾ ਗਿਆ ਅਤੇ ਬਾਅਦ ਵਿੱਚ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਸਸਕਾਰ ਮੌਕੇ ਬੀਬੀ ਮਾਨ ਕੌਰ ਦਾ ਪੁੱਤਰ ਗੁਰਦੇਵ ਸਿੰਘ, ਮਨਜੀਤ ਸਿੰਘ ਅਤੇ ਧੀ ਅੰਮ੍ਰਿਤ ਕੌਰ ਤੇ ਪਰਿਵਾਰਕ ਮੈਂਬਰ ਮੌਜੂਦ ਸਨ।
ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ ਜਨਮ ਪਟਿਆਲਾ ਵਿੱਚ ਹੋਇਆ ਸੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਭੁਪਿੰਦਰ ਸਿੰਘ ਦੇ ਦਰਬਾਰ ਵਿੱਚ ਰਸੋਈ ਦਾ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਬੇਬੇ ਮਾਨ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੱਥਾਂ ਵਿੱਚ ਖਿਡਾਇਆ। ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੇ ਕਈ ਦੇਸ਼ਾਂ ਵਿੱਚ ਦੌੜ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਨਜ਼ਰਅੰਦਾਜ਼ ਕਰਨਾ ਗਲਤ ਹੈ।
ਦੱਸਣਯੋਗ ਹੈ ਕਿ ਬੀਬੀ ਮਾਨ ਕੌਰ ਦਾ ਜਨਮ ਪਟਿਆਲਾ ਵਿੱਚ ਮਾਰਚ, 1916 ਨੂੰ ਹੋਇਆ ਸੀ, ਜਿਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਪੁੱਤਰ ਦੇ ਕਹਿਣ ’ਤੇ ਦੌੜਨਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਨਿਊਜ਼ੀਲੈਂਡ, ਸਪੇਨ, ਆਕਲੈਂਡ, ਅਮਰੀਕਾ ਤੇ ਕੈਨੇਡਾ ਸਣੇ ਦੁਨੀਆ ਭਰ ਵਿੱਚ ਹੋਏ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਤਿੰਨ ਦਰਜਨ ਤੋਂ ਵੱਧ ਤਗ਼ਮੇ ਜਿੱਤੇ। ਸਾਲ 2010 ਵਿੱਚ ਨਿਊਜ਼ੀਲੈਂਡ ’ਚ ਹੋਈਆਂ ਵਰਲਡ ਮਾਸਟਰਜ਼ ਖੇਤਾਂ ਵਿੱਚ 100 ਮੀਟਰ ਦੌੜ ’ਚ ਬੀਬੀ ਮਾਨ ਕੌਰ ਨੇ ਪਹਿਲਾਂ ਤਗ਼ਮਾ ਜਿੱਤਿਆ। ਇਸ ਮਗਰੋਂ ਸਾਲ 2011 ਵਿੱਚ ਮਾਨ ਕੌਰ ਨੂੰ ‘ਅਥਲੀਟ ਆਫ਼ ਦਾ ਯੀਅਰ’ ਚੁਣਿਆ ਗਿਆ। ਸਾਲ 2017 ਵਿੱਚ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 4 ਸੋਨ ਤਗ਼ਮੇ ਜਿੱਤੇ। 2018 ’ਚ ਵਿਸ਼ਵ ਮਾਸਟਰ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤੇ ਸਨ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਆ ਸੀ।
ਫਿਲਮ ‘ਮਿਸਾਲ ਏ ਜਹਾਨ-ਬੀਬੀ ਮਾਨ ਕੌਰ’ ਸਤੰਬਰ ’ਚ ਹੋਵੇਗੀ ਰਿਲੀਜ਼
ਬੀਬੀ ਮਾਨ ਕੌਰ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਸਤੰਬਰ, 2021 ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਲੇਖਕ ਅਤੇ ਡਾਇਰੈਕਟਰ ਇਕਬਾਲ ਗੱਜਣ ਨੇ ਦੱਸਿਆ ਕਿ ਬੀਬੀ ਮਾਨ ਕੌਰ ਦੇ ਜੀਵਨ ’ਤੇ ਆਧਾਰਤ ਫ਼ਿਲਮ ਦਾ ਨਾਮ ‘ਮਿਸਾਲ ਏ ਜਹਾਨ-ਬੀਬੀ ਮਾਨ ਕੌਰ’ ਰੱਖਿਆ ਗਿਆ ਹੈ, ਜਿਸ ਦੀ ਸ਼ੂਟਿੰਗ ਵਿੱਚ ਕਰੋਨਾ ਮਹਾਮਾਰੀ ਕਾਰਨ ਇਕ ਸਾਲ ਦੀ ਦੇਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਪਟਿਆਲਾ, ਦਿੱਲੀ ਅਤੇ ਮੁੰਬਈ ਵਿੱਚ ਕੀਤੀ ਗਈ ਹੈ, ਜਿਸ ਵਿੱਚ ਬੀਬੀ ਮਾਨ ਕੌਰ ਦਾ ਕਿਰਦਾਰ ਕੋਮਲ ਗੱਜਣ ਵੱਲੋਂ ਨਿਭਾਇਆ ਜਾ ਰਿਹਾ ਹੈ।