ਹਰਜੀਤ ਸਿੰਘ ਪਰਮਾਰ
ਬਟਾਲਾ, 24 ਜੂਨ
ਇਥੇ ਅੱਜ ਦੁਪਹਿਰ ਵੇਲੇ ਦੋ ਨੌਜਵਾਨਾਂ ਨੇ ਸਿਟੀ ਰੋਡ ਬਾਜ਼ਾਰ ‘ਚ ਸਥਿਤ ਇਲੈਕਟ੍ਰਾਨਿਕਸ ਦੀ ਇੱਕ ਦੁਕਾਨ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੁਕਾਨ ਮਾਲਕ, ਉਸ ਦਾ ਲੜਕਾ ਅਤੇ ਉਸ ਦਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਹਮਲਾਵਰਾਂ ਨੇ 7-8 ਗੋਲੀਆਂ ਚਲਾਈਆਂ। ਜ਼ਿਕਰਯੋਗ ਹੈ ਕਿ ਦੁਕਾਨ ਮਾਲਕ ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਦਾ ਸੰਗਠਨ ਮੰਤਰੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਲਲਿਤ ਸ਼ਰਮਾ ਮੌਕੇ ‘ਤੇ ਪਹੁੰਚੇ। ਪ੍ਰਾਪਤ ਵੇਰਵਿਆਂ ਅਨੁਸਾਰ ਜ਼ਖ਼ਮੀ ਦੁਕਾਨਦਾਰ ਰਾਜੀਵ ਮਹਾਜਨ ਜੋ ਸ਼ਿਵ ਸੈਨਾ ਸਮਾਜਵਾਦੀ ਦਾ ਆਗੂ ਹੈ ਅਤੇ ਇਲੈਕਟ੍ਰਾਨਿਕਸ ਦੀ ਦੁਕਾਨ ਸਮੇਤ ਫਾਇਨਾਂਸ ਦਾ ਕੰਮ ਵੀ ਕਰਦਾ ਹੈ। ਉਹ ਅੱਜ ਆਪਣੇ ਭਰਾ ਅਨਿਲ ਮਹਾਜਨ ਅਤੇ ਲੜਕੇ ਮਾਨਵ ਮਹਾਜਨ ਨਾਲ ਆਪਣੀ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ ਦੁਪਹਿਰੇ ਕਰੀਬ ਸਾਢੇ 12 ਵਜੇ ਇੱਕ ਨੌਜਵਾਨ ਆਇਆ ਅਤੇ ਐਲਈਡੀ ਦੀ ਕੀਮਤ ਪੁੱਛ ਕੇ ਬਾਹਰ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਹੀ ਉਕਤ ਨੌਜਵਾਨ ਆਪਣੇ ਇੱਕ ਹੋਰ ਸਾਥੀ ਨਾਲ ਆਇਆ ਅਤੇ ਉਸ ਨੇ ਦੁਕਾਨ ਅੰਦਰ ਦਾਖ਼ਲ ਹੁੰਦਿਆਂ ਹੀ ਤਿੰਨਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸ਼ਿਵ ਸੈਨਾ ਆਗੂ, ਉਸ ਦਾ ਭਰਾ ਅਤੇ ਉਸ ਦਾ ਲੜਕਾ ਤਿੰਨੇ ਹੀ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ ਅਤੇ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ, ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ, ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਹੀਆ ਅਤੇ ਬਟਾਲਾ ਪੁਲੀਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁਹੰਚੇ। ਐਸਐਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਘਟਨਾ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਰਿਕਾਰਡ ਹੋਈਆਂ ਹਨ ਅਤੇ ਪੁਲੀਸ ਟੀਮਾਂ ਬਣਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।