ਪਾਲ ਸਿੰਘ ਨੌਲੀ/ਜਗਤਾਰ ਸਿੰਘ ਲਾਂਬਾ
ਜਲੰਧਰ/ਅੰਮ੍ਰਿਤਸਰ, 16 ਅਕਤੂਬਰ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਜਲੰਧਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ-ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦੇਣ ਦੇ ਵਾਅਦੇ ਨਾਲ ਗਰੀਬਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਗੁਮਰਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਚੰਨੀ ਹੁਣ ਪੰਜਾਬ ਦੇ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲਾ ਪਲਾਟਾਂ ਦੇ ਸੁਫ਼ਨੇ ਦਿਖਾਉਣ ਲੱਗੇ ਹਨ। ਜਿਸ ਤਰ੍ਹਾਂ ਰੁਜ਼ਗਾਰ ਕਾਰਡ ਇੱਕ ਝਾਂਸਾ ਸੀ, ਉਸੇ ਤਰ੍ਹਾਂ ਪੰਜ ਮਰਲਾ ਜ਼ਮੀਨ ਦੇਣ ਦਾ ਦਾਅਵਾ ਵੀ ਮਹਿਜ਼ ਫ਼ਰਜ਼ੀਵਾੜਾ ਹੈ।
ਇਸੇ ਦੌਰਾਨ ਮਨੀਸ਼ ਸਿਸੋਦੀਆ ਅੱਜ ਅੰਮ੍ਰਿਤਸਰ ਵਿੱਚ ਰਾਮ ਤੀਰਥ ਮੰਦਰ ਨਤਮਸਤਕ ਹੋਏ। ਸ੍ਰੀ ਸਿਸੋਦੀਆ ਅੱਜ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ ਜਿਥੇ ‘ਆਪ’ ਦੇ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਾਬਕਾ ਡੀਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਸੂਬਾ ਸੰਯੁਕਤ ਸਕੱਤਰ ਅਸ਼ੋਕ ਤਲਵਾੜ, ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਜੀਵਨਜੋਤ ਕੌਰ ਤੇ ਹੋਰ ਆਗੂਆਂ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ, ਜਿਥੋਂ ਉਹ ਰਾਮ ਤੀਰਥ ਮੰਦਰ ਗਏ।
ਉਨ੍ਹਾਂ ਮੰਦਰ ਵਿੱਚ ਭਗਵਾਨ ਵਾਲਮੀਕਿ ਦੀ ਮੂਰਤੀ ਅੱਗੇ ਮੱਥਾ ਟੇਕਿਆ ਤੇ ਪੰਜਾਬ ਦੀ ਖੁਸ਼ਹਾਲੀ ਤੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਗਿਆਨ ਦੇ ਅਥਾਹ ਗਿਆਤਾ ਸਨ, ਜਿਨ੍ਹਾਂ ਭਗਵਾਨ ਰਾਮ ਚੰਦਰ ਦੇ ਜੀਵਨ ਅਤੇ ਇਤਿਹਾਸ ਨੂੰ ਕਲਮਬੱਧ ਕੀਤਾ। ਉਨ੍ਹਾਂ ਇਸ ਪਵਿੱਤਰ ਅਸਥਾਨ ’ਤੇ ਆ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਰਦਾਸ ਕੀਤੀ।
ਇਸ ਮੌਕੇ ਘੱਟ ਗਿਣਤੀ ਵਿੰਗ ਦੇ ਸੂਬਾ ਪ੍ਰਧਾਨ ਪਦਮ ਐਂਟੋਨੀ, ਸੰਯੁਕਤ ਸਕੱਤਰ ਬਲਜੀਤ ਸਿੰਘ ਖਹਿਰਾ, ਇਕਬਾਲ ਸਿੰਘ ਭੁੱਲਰ, ਰਾਕੇਸ਼ ਕੁਮਾਰ, ਪ੍ਰਭਬੀਰ ਬਰਾੜ, ਡਾ. ਇੰਦਰਪਾਲ, ਓਮ ਪ੍ਰਕਾਸ਼ ਗੱਬਰ, ਡਾ. ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਮਨਦੀਪ ਸਿੰਘ ਮੋਂਗਾ, ਦਲਬੀਰ ਸਿੰਘ ਟੋਂਗ, ਸੁਰਜੀਤ ਸਿੰਘ ਕੰਗ ਸਮੇਤ ਪਾਰਟੀ ਵਰਕਰ ਹਾਜ਼ਰ ਸਨ।