ਜ਼ੀਰਕਪੁਰ: ਮੰਨਾ ਗੈਂਗ ਦੇ ਮੁਖੀ ਗੁਰਦੀਪ ਸਿੰਘ ਉਰਫ਼ ਮੰਨਾ ਵਾਸੀ ਮਹਿਲ ਕਲਾਂ ਬਰਨਾਲਾ ਨੂੰ ਜ਼ੀਰਕਪੁਰ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ, ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਪੁਲੀਸ ਨੇ ਬੀਤੇ ਦਿਨੀਂ ਇਸ ਗਰੋਹ ਦੇ ਦੋ ਗੈਂਗਸਟਰਾਂ ਨੂੰ ਨਾਜਾਇਜ਼ ਅਸਲੇ ਤੇ 500 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿਘ ਉਰਫ਼ ਨਿੱਕਾ ਤੇ ਲਵਪ੍ਰੀਤ ਸਿੰਘ ਉਰਫ਼ ਲਵਲੀ ਵਾਸੀ ਪਿੰਡ ਸੰਦੋਰ ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੜਤਾਲ ਦੌਰਾਨ ਮੰਨਿਆ ਸੀ ਕਿ ਉਹ ਗੁਰਦੀਪ ਸਿੰਘ ਉਰਫ਼ ਮੰਨਾ ਵਾਸੀ ਮਹਿਲ ਕਲਾਂ, ਬਰਨਾਲਾ ਦੇ ਗੈਂਗ ਦੇ ਮੈਂਬਰ ਹਨ। ਥਾਣਾ ਮੁਖੀ ਨੇ ਦੱਸਿਆ ਕਿ ਗੁਰਦੀਪ ਸਿੰਘ ਮੰਨਾ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਦੇ ਖ਼ਿਲਾਫ਼ 38 ਅਪਰਾਧਿਕ ਮਾਮਲੇ ਦਰਜ ਹਨ, ਜੋ ਇਸ ਵੇਲੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੁਲੀਸ ਨੇ ਇਥੇ ਏਅਰੋ ਸਿਟੀ ਰੋਡ ’ਤੇ ਛੱਤ ਟਰੈਫਿਕ ਲਾਈਟਾਂ ’ਤੇ ਨਾਕਾਬੰਦੀ ਕਰ ਕੇ ਕਾਰ ਵਿੱਚ ਸਵਾਰ ਦੋ ਜਣਿਆਂ ਨੂੰ ਕਾਬੂ ਕੀਤਾ ਸੀ। ਮੁਲਜ਼ਮਾਂ ਤੋਂ ਪੁਲੀਸ ਨੂੰ ਸੱਤ ਕਾਰਤੂਸ, ਇਕ ਵਿਦੇਸ਼ੀ ਪਿਸਤੌਲ ਤੇ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। -ਨਿੱਜੀ ਪੱਤਰ ਪ੍ਰੇਰਕ